ਡਲਿਵਰੀ ਦਾ ਸੁਨੇਹਾ

ਡਲਿਵਰੀ ਦਾ ਸੁਨੇਹਾ ਆਉਣ ਦੇ ਬਾਵਜੂਦ ਸਪਲਾਈ ਨਾ ਹੋਣ ਦੀਆਂ ਸ਼ਿਕਾਇਤਾਂ ਦਾ ਲਿਆ ਨੋਟਿਸ
ਵੈਸਟ ਹਲਕੇ ’ਚ ਸ਼ੁਰੂ ਕੀਤੀ ਗਈ ਮੁਹਿੰਮ, ਗੈਸ ਏਜੰਸੀਆਂ ਤੋਂ ਰਿਕਾਰਡ ਲੈ ਕੇ ਕੀਤੀ ਜਾਂਦੀ ਹੈ ਜਾਂਚ
ਜਾਸ, ਜਲੰਧਰ : ਘਰੇਲੂ ਖਪਤਕਾਰਾਂ ਨੂੰ ਰਸੋਈ ਗੈਸ ਦੀ ਸਪਲਾਈ ਯਕੀਨੀ ਬਣਾਉਣ ਲਈ ਹੁਣ ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ, ਗੈਸ ਏਜੰਸੀਆਂ ਵੱਲੋਂ ਖਪਤਕਾਰਾਂ ਨੂੰ ਦਿੱਤੀ ਗਈ ਡਲਿਵਰੀ ਦੇ ਰਿਕਾਰਡ ਦਾ ਸਬੰਧਤ ਖਪਤਕਾਰਾਂ ਨਾਲ ਮਿਲਾਨ ਕੀਤਾ ਜਾ ਰਿਹਾ ਹੈ। ਸ਼ਹਿਰ ’ਚ ਇਸ ਦੀ ਸ਼ੁਰੂਆਤ ਵੈਸਟ ਹਲਕੇ ਤੋਂ ਕੀਤੀ ਗਈ ਹੈ, ਜਿਸ ’ਚ ਡੀਐੱਫਐੱਸਸੀ ਨਰਿੰਦਰ ਸਿੰਘ ਦੀ ਅਗਵਾਈ ’ਚ ਵਿਭਾਗ ਦੇ ਨਿਰੀਖਕਾਂ ਦੀ ਟੀਮ ਘਰ-ਘਰ ਜਾ ਕੇ ਦਸਤਕ ਦੇ ਰਹੀ ਹੈ। ਇਸ ਤੋਂ ਬਾਅਦ, ਸ਼ਹਿਰ ਦੇ ਹੋਰ ਹਲਕਿਆਂ ’ਚ ਵੀ ਵਿਭਾਗ ਵੱਲੋਂ ਘਰ-ਘਰ ਜਾ ਕੇ ਗੈਸ ਸਪਲਾਈ ਦਾ ਡਾਟਾ ਤਿਆਰ ਕੀਤਾ ਜਾਵੇਗਾ। ਹਾਲਾਂਕਿ, ਵਿਭਾਗ ਵੱਲੋਂ ਹਰ ਰੋਜ਼ ਵੱਖ-ਵੱਖ ਨਿਰੀਖਕਾਂ ਨੂੰ ਵੱਖ-ਵੱਖ ਗੈਸ ਏਜੰਸੀਆਂ ਦਾ ਰਿਕਾਰਡ ਲੈਣ ਦੀ ਡਿਊਟੀ ਦਿੱਤੀ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਮੇਂ ਮੰਡੀਆਂ ’ਚ ਖਰੀਦ ਦਾ ਕੰਮ ਚੱਲ ਰਿਹਾ ਹੈ, ਜਿਸ ਕਰ ਕੇ ਉਥੇ ਵੀ ਨਿਰੀਖਕਾਂ ਦੀ ਤਾਇਨਾਤੀ ਕਰਨੀ ਪੈਂਦੀ ਹੈ।
ਅਸਲ ’ਚ ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੇ ਯੁੱਧ ਕਾਰਨ, ਐੱਲਪੀਜੀ ਦੀ ਸਪਲਾਈ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਇਸ ਨੂੰ ਸਧਾਰਨ ਬਣਾਉਣ ਲਈ ਤਿੰਨੇ ਤੇਲ ਕੰਪਨੀਆਂ (ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ) ਨੇ ਸਾਰੇ ਗੈਸ ਡਿਸਟ੍ਰੀਬਿਊਟਰਾਂ ਨੂੰ ਸਿਲੰਡਰ ਦੀ ਡਲਿਵਰੀ ਦੇਣ ਦੇ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਕਰਨ ਦੀ ਤਜਵੀਜ਼ ਤੈਅ ਕੀਤੀ ਹੈ। ਜਦਕਿ ਖਪਤਕਾਰਾਂ ਵੱਲੋਂ 25 ਦਿਨਾਂ ਬਾਅਦ ਬੁਕਿੰਗ ਕਰਨ ਦੇ ਬਾਵਜੂਦ 10 ਤੋਂ 12 ਦਿਨਾਂ ਤੱਕ ਉਨ੍ਹਾਂ ਨੂੰ ਡਲਿਵਰੀ ਨਹੀਂ ਦਿੱਤੀ ਜਾ ਰਹੀ। ਇਸ ਦੌਰਾਨ ਕਈ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਡਲਿਵਰੀ ਦਾ ਸੁਨੇਹਾ ਮਿਲ ਰਿਹਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਿਲੰਡਰ ਦੀ ਸਪਲਾਈ ਨਹੀਂ ਕੀਤੀ ਜਾ ਰਹੀ। ਇਸ ਨੂੰ ਲੈ ਕੇ ਹੁਣ ਖੁਰਾਕ ਤੇ ਸਪਲਾਈ ਵਿਭਾਗ ਨੇ ਡਲਿਵਰੀ ਦਾ ਸੁਨੇਹਾ ਭੇਜਣ ਵਾਲੇ ਖਪਤਕਾਰਾਂ ਨੂੰ ਗੈਸ ਦੀ ਸਪਲਾਈ ਯਕੀਨੀ ਬਣਾਉਣ ਲਈ ਘਰ-ਘਰ ਜਾ ਕੇ ਜਾਂਚ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਪਹਿਲੇ ਦਿਨ ਆਬਾਦਪੁਰਾ, ਭਾਰਗੋ ਕੈਂਪ ਰੋਡ ਤੇ ਆਸ-ਪਾਸ ਦੇ ਇਲਾਕਿਆਂ ’ਚ ਘਰ-ਘਰ ਜਾ ਕੇ ਜਾਂਚ ਕੀਤੀ ਗਈ।
---
ਏਜੰਸੀਆਂ ਦੇ ਰਿਕਾਰਡ ਨਾਲ ਕੀਤਾ ਜਾਵੇਗਾ ਮਿਲਾਨ
ਇਸ ਬਾਰੇ ਡੀਐੱਫਐੱਸਸੀ ਨਰਿੰਦਰ ਸਿੰਘ ਦੱਸਦੇ ਹਨ ਕਿ ਗੈਸ ਏਜੰਸੀਆਂ ਦੇ ਰਿਕਾਰਡ ਅਨੁਸਾਰ, ਜਿਨ੍ਹਾਂ ਖਪਤਕਾਰਾਂ ਨੂੰ ਡਲਿਵਰੀ ਦਿੱਤੀ ਗਈ ਹੈ, ਉਨ੍ਹਾਂ ਦੇ ਘਰ ਜਾ ਕੇ ਇਸ ਦਾ ਮਿਲਾਨ ਕੀਤਾ ਜਾਵੇਗਾ। ਇਸ ਸੂਚੀ ਦੇ ਆਧਾਰ 'ਤੇ ਰਿਕਾਰਡ ਤੇ ਡਲਿਵਰੀ ਦੀ ਜਾਂਚ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਹਲਕੇ ਵੈਸਟ ਤੋਂ ਕੀਤੀ ਜਾ ਚੁੱਕੀ ਹੈ।
---
ਵਜ਼ਨ ਤੋਂ ਲੈ ਕੇ ਕੀਮਤ ਬਾਰੇ ਵੀ ਕੀਤੀ ਜਾ ਰਹੀ ਪੁੱਛਗਿੱਛ
ਖੁਰਾਕ ਤੇ ਸਪਲਾਈ ਵਿਭਾਗ ਦੀ ਟੀਮ ਖਪਤਕਾਰਾਂ ਦੇ ਘਰਾਂ ’ਚ ਜਾ ਕੇ ਸਿਰਫ ਡਲਿਵਰੀ ਹੀ ਯਕੀਨੀ ਨਹੀਂ ਬਣਾ ਰਹੀ, ਬਲਕਿ ਵੈਂਡਰ ਵੱਲੋਂ ਲਏ ਗਏ ਪੈਸੇ ਤੇ ਵਜ਼ਨ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਸਿੰਘ ਅਨੁਸਾਰ, ਇਸ ਦਾ ਮਕਸਦ ਸਿਰਫ ਪ੍ਰਬੰਧ ’ਚ ਪਾਰਦਰਸ਼ਤਾ ਲਿਆਉਣਾ ਹੈ। ਖਪਤਕਾਰਾਂ ਨੂੰ ਸਬਸਿਡੀ ’ਤੇ ਦਿੱਤੇ ਜਾਣ ਵਾਲੇ ਸਿਲੰਡਰ ਦੀ ਕਾਲਾਬਾਜ਼ਾਰੀ ਨਾ ਹੋਵੇ ਤੇ ਲੋਕਾਂ ਨੂੰ ਸਮੇਂ 'ਤੇ ਡਲਿਵਰੀ ਕੀਤੀ ਜਾਵੇ, ਇਸ ’ਚ ਇਹ ਕੋਸ਼ਿਸ਼ ਨਿਸ਼ਚਿਤ ਤੌਰ 'ਤੇ ਕਾਰਗਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਗੈਸ ਏਜੰਸੀਆਂ ਦੀ ਮਨਮਾਨੀ ਵੀ ਨਹੀਂ ਚੱਲੇਗੀ।