ਟੈਂਡਰ ਪੂਲ ਮਾਮਲੇ ਦੀ ਵਿਜੀਲੈਂਸ ਨੂੰ ਸ਼ਿਕਾਇਤ
ਨਿਗਮ ਦੇ ਵਿਕਾਸ ਕੰਮਾਂ ਦੇ 5 ਕਰੋੜ ਦੇ ਟੈਂਡਰ ਘੁਟਾਲੇ ਦੀ ਜਾਂਚ ਲਈ ਵਿਜੀਲੈਂਸ ਨੂੰ ਦਿੱਤਾ ਮੰਗ ਪੱਤਰ
Publish Date: Tue, 16 Sep 2025 08:03 PM (IST)
Updated Date: Tue, 16 Sep 2025 08:26 PM (IST)
ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨੀ ਸਹੋਤਾ ਦੀ ਅਗਵਾਈ ’ਚ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਐੱਸਐੱਸਪੀ ਵਿਜੀਲੈਂਸ ਨੂੰ ਮੰਗ-ਪੱਤਰ ਦੇ ਕੇ ਵੈਸਟ ਵਿਧਾਨ ਸਭਾ ਹਲਕੇ ’ਚ ਵਿਕਾਸ ਕੰਮਾਂ ਦੇ 5 ਕਰੋੜ ਦੇ ਟੈਂਡਰ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਉਕਤ ਟੈਂਡਰ ਘੁਟਾਲੇ ਨੂੰ ਦੇਖਦਿਆਂ ਹੀ ਵੈਸਟ ਹਲਕੇ ਦੇ 44 ਕੰਮਾਂ ਦੇ 5 ਕਰੋੜ ਦੇ ਟੈਂਡਰ ਮੇਅਰ ਵਲੋਂ ਰੱਦ ਕਰ ਦਿੱਤੇ ਗਏ। ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨੀ ਸਹੋਤਾ ਨੇ ਦੋਸ਼ ਲਾਇਆ ਹੈ ਕਿ ਉਕਤ ਘੁਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਹੋਣ ਜਾ ਰਿਹਾ ਸੀ। ਉਨ੍ਹਾਂ ਵਿਜੀਲੈਂਸ ਐੱਸਐੱਸਪੀ ਤੋਂ ਮੰਗ ਕੀਤੀ ਹੈ ਕਿ ਇਸ ਘੁਟਾਲੇ ਦੀ ਜਾਂਚ ਕਰਕੇ ਮਿਲੀ ਭੁਗਤ ’ਚ ਸ਼ਾਮਿਲ ਨਿਗਮ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਨਗਰ ਨਿਗਮ ’ਚ ਵੱਡੀ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਨੂੰ ਨਕੇਲ ਪਾਉਣ ਲਈ ਉਕਤ 5 ਕਰੋੜ ਘੁਟਾਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾਵੇ ਤੇ ਸਾਰਾ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ। ਮੰਗ ਪੱਤਰ ਦੇਣ ਗਏ ਵਫਦ ’ਚ ਸੰਨੀ ਸੇਠੀ, ਗੌਰਵ ਗਿੱਲ, ਅਸ਼ੋਕ ਭੀਲ, ਕਾਕਾ ਥਾਪਰ, ਛੋਟਾ ਰਾਜੂ, ਨੀਰਜ ਸੱਭਰਵਾਲ, ਹਰਜੀਤ ਬੋਬੀ, ਵਿੱਕੀ ਸਹੋਤਾ, ਅਮਰ ਕਲਿਆਣ, ਕਰਨ ਥਾਪਰ, ਹੁਸਨ ਲਾਲ, ਵਿਨੋਦ ਸਹੋਤਾ, ਬਰਿੰਦਰ ਨਾਹਰ, ਜਤਿੰਦਰ ਕੁਮਾਰ ਸੋਨੂੰ ਤੇ ਵਿਮਲ ਕੁਮਾਰ ਸ਼ਾਮਲ ਸਨ।
ਸਟਰੀਟ ਲਾਈਟ ਘੁਟਾਲੇ ਤੇ ਹੋਰ ਮਾਮਲਿਆਂ ਦੀ ਜਾਂਚ ਠੰਢੇ ਬਸਤੇ ’ਚ
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਨਗਰ ਨਿਗਮ ਦੀਆਂ 75 ਹਜ਼ਾਰ ਸਟਰੀਟ ਲਾਈਟਾਂ ਦੇ 52 ਕਰੋੜ ਰੁਪਏ ਦੇ ਘੁਟਾਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ। ਇਹ ਮਾਮਲਾ ਵਿਜੀਲੈਂਸ ਕੋਲ ਪਿਛਲੇ 3 ਸਾਲਾਂ ਤੋਂ ਵਿਚਾਰ ਅਧੀਨ ਪਿਆ ਹੈ। ਭਾਵੇਂ ਵਿਜੀਲੈਂਸ ਨੇ ਸਾਰਾ ਰਿਕਾਰਡ ਲੈ ਲਿਆ ਹੈ ਪਰ ਹਾਲੇ ਤਕ ਇਸ ਮਾਮਲੇ ’ਚ ਨਾ ਤਕ ਕਿਸੇ ਅਧਿਕਾਰੀ ਨੂੰ ਤਲਬ ਕੀਤਾ ਤੇ ਨਾ ਹੀ ਜਾਂਚ ਅੱਗੇ ਵਧਾਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਮਾਰਟ ਸਿਟੀ ਕੰਪਨੀ ਦੇ 20 ਚੌਕਾਂ ਦੇ ਸੁੰਦਰੀਕਰਨ, ਕਰੋੜਾਂ ਦੀਆਂ ਸੜਕਾਂ ਬਣਾਉਣ, ਸਰਫੇਸ ਵਾਟਰ ਪ੍ਰਾਜੈਕਟ ਤੇ ਹੋਰ ਪ੍ਰਾਜੈਕਟਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।