‘ਰਵਿਦਾਸੀਆ ਧਰਮ’ ਲਈ ਵੱਖਰਾ ਕਾਲਮ ਦੇਣ ਦੀ ਮੰਗ
ਕਹਿ ਰਵਿਦਾਸ ਖਲਾਸ ਚਮਾਰਾ ਸੰਸਥਾ ਵੱਲੋਂ ਜਨਗਣਨਾ 2027 ’ਚ “ਰਵਿਦਾਸੀਆ ਧਰਮ” ਲਈ ਵੱਖਰਾ ਕਾਲਮ ਦੇਣ ਦੀ ਮੰਗ
Publish Date: Mon, 11 May 2026 06:22 PM (IST)
Updated Date: Mon, 11 May 2026 06:24 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਹਿ ਰਵਿਦਾਸ ਖਲਾਸ ਚਮਾਰਾ ਸੰਸਥਾ ਅਤੇ ਸਮੂਹ ਰਵਿਦਾਸੀਆ ਸਮਾਜ ਵੱਲੋਂ ਭਾਰਤ ਦੇ ਰਾਸ਼ਟਰਪਤੀ ਕੋਲ ਮੰਗ ਕੀਤੀ ਗਈ ਹੈ ਕਿ ਸਾਲ 2027 ਵਿੱਚ ਹੋਣ ਵਾਲੀ ਜਨਗਣਨਾ ਦੌਰਾਨ “ਰਵਿਦਾਸੀਆ” ਧਰਮ ਲਈ ਵੱਖਰਾ ਕਾਲਮ ਮੁਹੱਈਆ ਕਰਵਾਇਆ ਜਾਵੇ। ਸੰਸਥਾ ਦੇ ਆਗੂਆਂ ਨੇ ਕਿਹਾ ਕਿ “ਰਵਿਦਾਸੀਆ” ਉਨ੍ਹਾਂ ਦਾ ਧਰਮ ਹੈ ਜਦਕਿ “ਚਮਾਰ” ਉਨ੍ਹਾਂ ਦੀ ਜਾਤ ਹੈ, ਇਸ ਲਈ ਸਮਾਜ ਦੀ ਵੱਖਰੀ ਧਾਰਮਿਕ ਅਤੇ ਸਮਾਜਿਕ ਪਛਾਣ ਨੂੰ ਜਨਗਣਨਾ ਵਿੱਚ ਦਰਜ ਕਰਨਾ ਬਹੁਤ ਜ਼ਰੂਰੀ ਹੈ। ਦੇਸ਼ ਭਰ ਵਿੱਚ ਰਵਿਦਾਸੀਆ ਸਮਾਜ ਦੀ ਵੱਡੀ ਗਿਣਤੀ ਵਸਦੀ ਹੈ ਅਤੇ ਸਮਾਜ ਲੰਬੇ ਸਮੇਂ ਤੋਂ ਆਪਣੀ ਵੱਖਰੀ ਪਛਾਣ ਨੂੰ ਸੰਵਿਧਾਨਕ ਮਾਨਤਾ ਦੇਣ ਦੀ ਮੰਗ ਕਰਦਾ ਆ ਰਿਹਾ ਹੈ। ਸੰਸਥਾ ਦਾ ਕਹਿਣਾ ਹੈ ਕਿ ਜਿਵੇਂ ਭਾਰਤ ਸਰਕਾਰ ਵੱਲੋਂ ਬੁੱਧ, ਜੈਨ, ਸਿੱਖ ਅਤੇ ਇਸਾਈ ਧਰਮ ਲਈ ਵੱਖਰੇ ਕਾਲਮ ਦਿੱਤੇ ਗਏ ਹਨ, ਉਸੇ ਤਰ੍ਹਾਂ ਰਵਿਦਾਸੀਆ ਧਰਮ ਲਈ ਵੀ ਵੱਖਰਾ ਕਾਲਮ ਦਿੱਤਾ ਜਾਣਾ ਚਾਹੀਦਾ ਹੈ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੰਗ ਸਬੰਧੀ ਪਹਿਲਾਂ ਵੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਜਨਗਣਨਾ ਵਿਭਾਗ ਨੂੰ ਲੱਖਾਂ ਪੱਤਰ ਅਤੇ ਈ-ਮੇਲ ਭੇਜੇ ਜਾ ਚੁੱਕੇ ਹਨ। ਉਨ੍ਹਾਂ ਨੇ ਦੁਬਾਰਾ ਅਪੀਲ ਕੀਤੀ ਕਿ ਰਵਿਦਾਸੀਆ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦਿਆਂ ਜਨਗਣਨਾ 2027 ਵਿੱਚ “ਰਵਿਦਾਸੀਆ” ਧਰਮ ਲਈ ਵੱਖਰਾ ਕਾਲਮ ਸ਼ਾਮਲ ਕੀਤਾ ਜਾਵੇ।