ਕੌਮੀ ਇਨਸਾਫ਼ ਮੋਰਚੇ ਦੇ ਆਗੂ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ
ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਜਾ ਰਹੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ
Publish Date: Thu, 07 May 2026 09:35 PM (IST)
Updated Date: Thu, 07 May 2026 09:38 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚਾ ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਵੀਰਵਾਰ ਨੂੰ ਦਿੱਲੀ ਪੁਲਿਸ ਵੱਲੋਂ ਉਸ ਵੇਲੇ ਹਿਰਾਸਤ ਵਿਚ ਲੈ ਲਿਆ ਗਿਆ, ਜਦੋਂ ਉਹ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਣ ਲਈ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸੰਸਦ ਭਵਨ ਵੱਲ ਸ਼ਾਂਤਮਈ ਰੋਸ ਮਾਰਚ ਕੱਢਣ ਦੀ ਤਿਆਰੀ ਕਰ ਰਹੇ ਸਨ। ਪੁਲਿਸ ਨੇ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਸੀਨੀਅਰ ਆਗੂ ਗੁਰਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਸਮੇਤ ਕਈ ਸਿੱਖ ਕਾਰਕੁਨਾਂ ਨੂੰ ਬੱਸਾਂ ਵਿਚ ਭਰ ਕੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿਚ ਬੰਦ ਕਰ ਦਿੱਤਾ। ਪੁਲਿਸ ਹਿਰਾਸਤ ਦੌਰਾਨ ਬੱਸ ਵਿਚੋਂ ਜਾਣਕਾਰੀ ਦਿੰਦਿਆਂ ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਦੱਸਿਆ ਕਿ ਮੋਰਚੇ ਵੱਲੋਂ 7 ਜਨਵਰੀ 2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸ਼ਾਂਤਮਈ ਸੰਘਰਸ਼ ਵਿੱਢਿਆ ਹੋਇਆ ਹੈ। ਇਸੇ ਕੜੀ ਤਹਿਤ ਅੱਜ ਦੇਸ਼ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਦਿੱਤਾ ਜਾਣਾ ਸੀ, ਜਿਸ ਵਿਚ 30-32 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ ਸੀ, ਜੋ ਸੰਵਿਧਾਨ ਮੁਤਾਬਕ ਆਪਣੀਆਂ ਤੈਅ ਸਜ਼ਾਵਾਂ ਨਾਲੋਂ ਤਿੰਨ ਗੁਣਾ ਵੱਧ ਸਮਾਂ ਜੇਲ੍ਹਾਂ ਵਿਚ ਕੱਟ ਚੁੱਕੇ ਹਨ। ਪਰ ਕੇਂਦਰ ਦੀ ਭਾਜਪਾ ਸਰਕਾਰ ਅਤੇ ਦਿੱਲੀ ਪੁਲਿਸ ਨੇ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰੋਂ ਹੀ ਸੰਗਤਾਂ ਅਤੇ ਆਗੂਆਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਵਿਚ ਸ਼ਾਂਤਮਈ ਪ੍ਰਦਰਸ਼ਨ ਕਰਨ ਦੇ ਮੁੱਢਲੇ ਅਧਿਕਾਰ ਦਾ ਸ਼ਰੇਆਮ ਘਾਣ ਕੀਤਾ ਜਾ ਰਿਹਾ ਹੈ। ਮੋਰਚੇ ਦੇ ਆਗੂ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਤੰਤਰ ਦੇ ਨਾਮ ਤੇ ਸ਼ਾਂਤਮਈ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਸਰਬੱਤ ਖ਼ਾਲਸਾ ਵੱਲੋਂ ਨਵੰਬਰ 2015 ਵਿਚ ਜਥੇਦਾਰ ਥਾਪਿਆ ਗਿਆ ਸੀ, ਉਹ ਪਿਛਲੇ ਕਰੀਬ 30 ਸਾਲਾਂ ਤੋਂ ਜੇਲ੍ਹ ਵਿਚ ਨਜ਼ਰਬੰਦ ਹਨ। ਅੱਜ ਉਨ੍ਹਾਂ ਦੀ 83 ਸਾਲਾ ਬਿਰਧ ਮਾਤਾ ਬਿਸਤਰੇ ਤੇ ਆਖ਼ਰੀ ਸਾਹ ਗਿਣ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਚੰਗੇ ਵਤੀਰੇ ਦੇ ਸਰਟੀਫਿਕੇਟਾਂ ਦੇ ਬਾਵਜੂਦ ਅਜਿਹੇ ਬੰਦੀ ਸਿੰਘਾਂ ਨੂੰ ਪੈਰੋਲ ਜਾਂ ਰਿਹਾਈ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਅਤੇ ਹੋਰ ਸਾਥੀਆਂ ਨੂੰ ਨਰੇਲਾ ਇੰਡਸਟਰੀਅਲ ਏਰੀਆ ਦੇ ਥਾਣੇ ਵਿਚ ਰੱਖਿਆ ਹੋਇਆ ਹੈ ਅਤੇ ਬਾਕੀ ਜੱਥਿਆਂ ਨੂੰ ਦਿੱਲੀ ਦੇ ਹੋਰ ਵੱਖ-ਵੱਖ ਥਾਣਿਆਂ ਵਿਚ ਭੇਜਿਆ ਗਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰਾਂ ਦੀਆਂ ਅਜਿਹੀਆਂ ਦਬਾਅ ਵਾਲੀਆਂ ਨੀਤੀਆਂ ਨਾਲ ਕੌਮ ਦੇ ਹੌਂਸਲੇ ਪਸਤ ਨਹੀਂ ਹੋਣਗੇ, ਸਗੋਂ ਲੋਕ ਹੋਰ ਵਧੇਰੇ ਜਾਗਰੂਕ ਹੋ ਕੇ ਇਸ ਧੱਕੇਸ਼ਾਹੀ ਖਿਲਾਫ਼ ਲਾਮਬੰਦ ਹੋਣਗੇ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਬਾਰੇ ਰੂਪ-ਰੇਖਾ ਜਲਦ ਹੀ ਉਲੀਕੀ ਜਾਵੇਗੀ। ਸਿੱਖਾਂ ਤੋਂ ਰੋਸ ਮੁਜ਼ਾਹਰੇ ਦਾ ਹੱਕ ਖੋਹਣਾ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ : ਸਰਨਾ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖਾਂ ਨੂੰ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਤੋਂ ਰੋਕਣਾ ਸੰਵਿਧਾਨ ਦੇ ਬੁਨਿਆਦੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ। ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਵੱਲੋਂ ਸੰਕੇਤਕ ਰੂਪ ਵਿਚ 100 ਸਿੱਖਾਂ ਦੇ ਜਥੇ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਸੰਸਦ ਭਵਨ ਤੱਕ ਮਾਰਚ ਕਰਨਾ ਸੀ। ਉਨ੍ਹਾਂ ਕਿਹਾ ਕਿ ਬੇਹੱਦ ਨਿੰਦਣਯੋਗ ਗੱਲ ਹੈ ਕਿ ਮਾਰਚ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਜਥੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਰਕਾਰ ਤੇ ਸਵਾਲ ਚੁੱਕਦਿਆਂ ਉਨ੍ਹਾਂ ਪੁੱਛਿਆ ਕਿ ਕੀ ਹੁਣ ਸਿੱਖ ਆਪਣੇ ਹੱਕਾਂ ਅਤੇ ਬੰਦੀ ਸਿੰਘਾਂ ਲਈ ਰੋਸ ਮੁਜ਼ਾਹਰੇ ਵੀ ਨਹੀਂ ਕਰ ਸਕਦੇ? ਸਰਨਾ ਨੇ ਮੋਰਚੇ ਸਮੇਤ ਵੱਖੋ-ਵੱਖਰੇ ਤੌਰ ‘ਤੇ ਸੰਘਰਸ਼ ਕਰ ਰਹੀਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਹ ਘਟਨਾ ਸਭ ਲਈ ਇਕ ਸਬਕ ਹੈ ਕਿ ਸਾਨੂੰ ਇਹ ਲੜਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਲ ਕੇ ਇਕਜੁੱਟ ਹੋ ਕੇ ਲੜਨੀ ਪਵੇਗੀ, ਫੇਰ ਹੀ ਕੋਈ ਪ੍ਰਾਪਤੀ ਹੋ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਦੀ ਸਿੰਘ ਸਾਡਾ ਕੌਮੀ ਸਰਮਾਇਆ ਹਨ ਅਤੇ ਉਨ੍ਹਾਂ ਦੀ ਰਿਹਾਈ ਸਾਡਾ ਸਾਂਝਾ ਕੌਮੀ ਕਾਰਜ ਹੈ, ਜੋ ਸਿਰਫ਼ ਇਕਜੁੱਟ ਹੋ ਕੇ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ।