ਸੀਆਈਏ ਸਟਾਫ ਟੀਮ ਨੇ ਹੈਰੋਇਨ ਸਮੇਤ ਦੋ ਤਸਕਰ ਦਬੋਚੇ
ਦੇਹਾਤ ਪੁਲਿਸ ਦੀ ਸੀਆਈਏ ਸਟਾਫ ਟੀਮ ਨੇ ਹੇਰੋਇਨ ਸਮੇਤ ਦੋ ਤਸਕਰ ਕੀਤੇ ਗ੍ਰਿਫ਼ਤਾਰ
Publish Date: Fri, 01 May 2026 10:21 PM (IST)
Updated Date: Fri, 01 May 2026 10:23 PM (IST)
--ਕਾਰਵਾਈ ਦੌਰਾਨ ਮੋਟਰਸਾਈਕਲ ਵੀ ਬਰਾਮਦ, ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇਹਾਤ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਹੇਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਕੁੱਲ 131 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 30 ਅਪ੍ਰੈਲ 2026 ਨੂੰ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੈਰੋਇਨ ਦੀ ਸਪਲਾਈ ਲਈ ਦੋ ਵਿਅਕਤੀ ਆ ਰਹੇ ਹਨ। ਏਐੱਸਆਈ ਬਲਵਿੰਦਰ ਸਿੰਘ ਨੇ ਦਿਆਲਪੁਰ ਦੇ ਨੇੜੇ ਹਾਈ-ਟੈਕ ਨਾਕੇ 'ਤੇ ਇੱਕ ਸ਼ੱਕੀ ਨੌਜਵਾਨ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਅਤੇ ਉਸਨੂੰ ਰੋਕਿਆ। ਪੁਲਿਸ ਨੂੰ ਵੇਖ ਕੇ ਉਹ ਅਚਾਨਕ ਬਾਈਕ ਮੋੜਨ ਲੱਗਾ, ਜਿਸ 'ਤੇ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਿਵਾਸੀ ਪਿੰਡ ਨਥੋਕੇ, ਜ਼ਿਲ੍ਹਾ ਤਰਨਤਾਰਨ ਦੱਸਿਆ। ਤਲਾਸ਼ੀ ਦੌਰਾਨ ਉਸ ਦੀ ਸਪਲੈਂਡਰ ਮੋਟਰਸਾਈਕਲ ਦੇ ਟੂਲ ਕਿਟ ਬਾਕਸ ਤੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਉਸਦੇ ਖਿਲਾਫ ਥਾਣਾ ਕਰਤਾਰਪੁਰ ਵਿੱਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ, 26 ਅਪ੍ਰੈਲ 2026 ਨੂੰ ਸੀ.ਆਈ.ਏ ਸਟਾਫ ਨੇ ਇਕ ਹੋਰ ਕਾਰਵਾਈ ਵਿੱਚ ਪ੍ਰਿਤਪਾਲ ਸਿੰਘ ਉਰਫ਼ ਪੀਤਾ ਨਿਵਾਸੀ ਪਿੰਡ ਧੀਰਪੁਰ ਨੂੰ ਅੱਡਾ ਗੇਟ ਬੋਲੀਨਾ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿਸ ਕੋਲੋਂ ਤੋਂ 101 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਸ ਖਿਲਾਫ ਥਾਣਾ ਪਤਾਰਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਹੁਣ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਹੈਰੋਇਨ ਕਿੱਥੋਂ ਖਰੀਦਦੇ ਸਨ ਤੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਸਪਲਾਈ ਕਰਦੇ ਸਨ।