ਜਾਸ, ਜਲੰਧਰ : ਪੰਜਾਬ

ਜਾਸ, ਜਲੰਧਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਨਗਰ ਨਿਗਮ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਨਾਰਥ ਵਿਧਾਨ ਸਭਾ ਇਲਾਕੇ ’ਚ ਓਲਡ ਹੁਸ਼ਿਆਰਪੁਰ ਰੋਡ 'ਤੇ ਸਥਿਤ ਗੁਲਮੋਹਰ ਸਿਟੀ ਕਾਲੋਨੀ ਦੇ ਸਟੇਟਸ ਬਾਰੇ ਜਾਣਕਾਰੀ ਮੰਗੀ ਹੈ। ਪਾਵਰਕਾਮ ਨੇ ਪੁੱਛਿਆ ਹੈ ਕਿ ਕੀ ਗੁਲਮੋਹਰ ਸਿਟੀ ਕਾਲੋਨੀ ਮਨਜ਼ੂਰਸ਼ੁਦਾ ਹੈ ਜਾਂ ਨਾਜਾਇਜ਼। ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਪੱਤਰ ’ਚ ਲਿਖਿਆ ਹੈ ਕਿ ਇਸ ਕਾਲੋਨੀ ਤੋਂ ਬਿਜਲੀ ਕੁਨੈਕਸ਼ਨ ਲਈ ਬਹੁਤ ਸਾਰੇ ਅਰਜ਼ੀਆਂ ਆਈਆਂ ਹਨ ਪਰ ਵਿਭਾਗ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਕਿ ਇਨ੍ਹਾਂ ਅਰਜ਼ੀਆਂ 'ਤੇ ਕੁਨੈਕਸ਼ਨ ਦਿੱਤਾ ਜਾਵੇਗਾ ਜਾਂ ਨਹੀਂ। ਪਾਵਰਕਾਮ ਦੀ ਨੀਤੀ ਮੁਤਾਬਕ ਸਿਰਫ ਮਨਜ਼ੂਰਸ਼ੁਦਾ ਕਾਲੋਨੀਆਂ ’ਚ ਹੀ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਜਾਂਦੇ ਹਨ। ਇਸ ਲਈ ਨਗਰ ਨਿਗਮ ਤੋਂ ਕਾਲੋਨੀ ਦਾ ਸਟੇਟਸ ਮਿਲਣ ਮਗਰੋਂ ਹੀ ਇਨ੍ਹਾਂ ਅਰਜ਼ੀਆਂ 'ਤੇ ਫੈਸਲਾ ਕੀਤਾ ਜਾਵੇਗਾ। ਪਾਵਰਕਾਮ ਨੇ ਨਗਰ ਨਿਗਮ ਤੋਂ ਪੁੱਛਿਆ ਹੈ ਕਿ ਜੇ ਇਹ ਕਾਲੋਨੀ ਮਨਜ਼ੂਰਸ਼ੁਦਾ ਹੈ ਤਾਂ ਇਸ ਦਾ ਲਾਇਸੈਂਸ ਨੰਬਰ, ਨਿਗਮ ਰਿਕਾਰਡ ’ਚ ਕਾਲੋਨੀ ਦਾ ਨਾਮ, ਕਾਲੋਨਾਈਜ਼ਰ ਦਾ ਨਾਮ, ਪਤਾ ਤੇ ਹੋਰ ਜਾਣਕਾਰੀ ਉਪਲੱਬਧ ਕਰਵਾਈ ਜਾਵੇ। ਨਾਲ ਹੀ ਮਨਜ਼ੂਰੀ ਸਰਟੀਫਿਕੇਟ, ਐੱਨਓਸੀ ਤੇ ਮਨਜ਼ੂਰਸ਼ੁਦਾ ਯੋਜਨਾ ਦੀ ਕਾਪੀ ਵੀ ਮੰਗੀ ਗਈ ਹੈ। ਓਲਡ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਸ ਕਾਲੋਨੀ ਨੂੰ ਲੈ ਕੇ ਨਿਗਮ ਸਥਿਤੀ ਸਪੱਸ਼ਟ ਨਹੀਂ ਕਰ ਰਿਹਾ। ਇਸ ਕਾਰਨ ਇੱਥੇ ਮਕਾਨ-ਪਲਾਟ ਖਰੀਦਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੇ ਮਕਾਨ ਤਾਂ ਬਣਾ ਲਏ ਹਨ ਪਰ ਬਿਜਲੀ ਦਾ ਕੁਨੈਕਸ਼ਨ ਲੈਣ ਵਿਚ ਦਿੱਕਤ ਆ ਰਹੀ ਹੈ।
---
ਬਿਜਲੀ ਕੁਨੈਕਸ਼ਨ ਦੇਣ ਦੀ ਚੱਲ ਰਹੀ ਹੈ ਜਾਂਚ
ਜਲੰਧਰ: ਸ਼ਹਿਰ ’ਚ ਬਿਨਾਂ ਮਨਜ਼ੂਰੀ ਵਿਕਸਿਤ ਹੋਈਆਂ ਨਾਜਾਇਜ਼ ਕਾਲੋਨੀਆਂ ’ਚ ਬਿਜਲੀ ਦੇ ਕੁਨੈਕਸ਼ਨ ਦੇਣ ਦਾ ਮਾਮਲਾ ਪਹਿਲਾਂ ਹੀ ਚਰਚਾ ’ਚ ਹੈ। ਪਾਵਰਕਾਮ ਨੇ ਇਸ ਦੀ ਜਾਂਚ ਦੀ ਸ਼ੁਰੂਆਤ ਕੀਤੀ ਹੈ। ਹਾਲੇ ਇਸ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਪਾਵਰਕਾਮ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਇਹ ਕਮੇਟੀ 99 ਨਾਜਾਇਜ਼ ਕਾਲੋਨੀਆਂ ’ਚ ਬਿਜਲੀ ਕੁਨੈਕਸ਼ਨ ਦੇਣ ਦੀ ਜਾਂਚ ਕਰ ਰਹੀ ਹੈ। ਕਮੇਟੀ ਨੇ ਆਪਣੀ ਜਾਂਚ 15 ਦਿਨਾਂ ਵਿਚ ਪੂਰੀ ਕਰਨੀ ਸੀ ਪਰ ਹੁਣ ਇਸ 'ਤੇ ਕੰਮ ਪੂਰਾ ਨਹੀਂ ਹੋਇਆ ਹੈ। ਨਾਜਾਇਜ਼ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਜਾਰੀ ਕਰਨ ਦੀ ਸ਼ਿਕਾਇਤ ਕਰਨਪ੍ਰੀਤ ਸਿੰਘ ਨੇ 27 ਫਰਵਰੀ 2026 ਨੂੰ ਕੀਤੀ ਸੀ। ਉਨ੍ਹਾਂ ਨੇ ਮੰਗ ਕੀਤੀ ਸੀ ਕਿ 99 ਨਾਜਾਇਜ਼ ਕਾਲੋਨੀਆਂ ’ਚ ਬਿਜਲੀ ਕੁਨੈਕਸ਼ਨ ਕਿਸ ਆਧਾਰ 'ਤੇ ਜਾਰੀ ਕੀਤੇ ਗਏ ਹਨ, ਇਸ ਦੀ ਜਾਂਚ ਕਰਵਾਈ ਜਾਵੇ। ਕਮੇਟੀ ’ਚ ਇੰਜੀ. ਰਾਜੇਸ਼ ਕੁਮਾਰ ਚੇਅਰਮੈਨ ਹਨ ਤੇ ਇੰਜੀ. ਪੁਸ਼ਪਿੰਦਰ ਸਿੰਘ ਤੇ ਇੰਜੀ. ਗਗਨਦੀਪ ਸਿੰਘ ਮੈਂਬਰ ਹਨ। ਤਿੰਨ ਮੈਂਬਰੀ ਕਮੇਟੀ ਇਹ ਜਾਂਚ ਕਰ ਰਹੀ ਹੈ ਕਿ ਨਾਜਾਇਜ਼ ਕਾਲੋਨੀਆਂ ’ਚ ਬਿਜਲੀ ਦੇ ਕੁਨੈਕਸ਼ਨ ਕਿਸ ਆਧਾਰ 'ਤੇ ਦਿੱਤੇ ਗਏ ਹਨ। ਕਿਨ੍ਹਾਂ ਲੋਕਾਂ ਨੇ ਵਿਭਾਗ ਨੂੰ ਗੁਮਰਾਹ ਕੀਤਾ। ਪਾਵਰਕਾਮ ਨਾਜਾਇਜ਼ ਕਾਲੋਨੀਆਂ ’ਚ ਸਿਰਫ ਉਨ੍ਹਾਂ ਨੂੰ ਕੁਨੈਕਸ਼ਨ ਜਾਰੀ ਕਰਦਾ ਹੈ, ਜਿਨ੍ਹਾਂ ਕੋਲ ਨਿਗਮ ਦੀ ਐੱਨਓਸੀ ਹੁੰਦੀ ਹੈ।