ਓਮਾਨ 'ਚ ਨੌਜਵਾਨ ਕੁੜੀ ਦੀ ਮੌਤ ਗੰਭੀਰ ਜਾਂਚ ਦਾ ਵਿਸ਼ਾ : ਇੰਜੀ. ਰਖੇਜਾ
ਓਮਾਨ 'ਚ ਨੌਜਵਾਨ ਕੁੜੀ ਦੀ ਹੋਈ ਮੌਤ ਗੰਭੀਰ ਜਾਂਚ ਦਾ ਵਿਸ਼ਾ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ - ਇੰਜੀ. ਚੰਦਨ ਰਖੇਜਾ
Publish Date: Mon, 11 May 2026 08:45 PM (IST)
Updated Date: Mon, 11 May 2026 08:48 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਕੁਝ ਦਿਨ ਪਹਿਲਾਂ ਦੁਬਈ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਕੁੜੀ ਨੂੰ ਓਮਾਨ ਭੇਜਿਆ ਗਿਆ, ਜਿੱਥੇ ਸ਼ੱਕੀ ਹਾਲਾਤ ਵਿਚ ਉਸ ਦੀ ਮੌਤ ਹੋ ਗਈ। ਇਸ ਗੰਭੀਰ ਮਾਮਲੇ ਨੂੰ ਭਾਜਪਾ ਜਲੰਧਰ ਕੇਂਦਰੀ ਮੰਡਲ 5 ਤੋਂ ਵਾਰਡ ਨੰਬਰ 6 ਦੇ ਇੰਚਾਰਜ ਗੁਰਵਿੰਦਰ ਮੁਲਤਾਨੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਨੌਕਰੀ ਦੇ ਨਾਂ ‘ਤੇ ਇਸ ਕੁੜੀ ਨੂੰ ਓਮਾਨ ਭੇਜਿਆ ਗਿਆ ਸੀ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਵਾਪਸ ਲਿਆਉਣ ਲਈ ਪਰਿਵਾਰ ਤੋਂ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਗਈ। ਇਸ ਦੌਰਾਨ ਪਰਿਵਾਰ ਪੈਸੇ ਇਕੱਠੇ ਕਰਨ ਵਿੱਚ ਲੱਗਾ ਹੋਇਆ ਸੀ ਕਿ ਅਚਾਨਕ ਓਮਾਨ ਤੋਂ ਧੀ ਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਗੁਰਵਿੰਦਰ ਮੁਲਤਾਨੀ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਪਹਿਲ ਅਤੇ ਭਾਜਪਾ ਆਗੂਆਂ ਦੇ ਸਹਿਯੋਗ ਨਾਲ ਨੌਜਵਾਨ ਕੁੜੀ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਤੋਂ ਜਲੰਧਰ ਲਿਆਂਦਾ ਗਿਆ। ਭਾਜਪਾ ਜਲੰਧਰ ਕੇਂਦਰੀ ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਆਪਣੇ ਸਾਥੀਆਂ ਸਮੇਤ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਇਸ ਦੁੱਖਦਾਈ ਸਮੇਂ ਦੌਰਾਨ ਵਾਰਡ ਨੰਬਰ 6 ਦੇ ਇੰਚਾਰਜ ਗੁਰਵਿੰਦਰ ਸਿੰਘ ਮੁਲਤਾਨੀ, ਸੀਨੀਅਰ ਆਗੂ ਮੁਨੀਸ਼ ਨੱਡਾ, ਸਮਾਜ ਸੇਵੀ ਨਵਦੀਪ ਦਕੋਹਾ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਉੱਪ ਪ੍ਰਧਾਨ ਸਚਿਨ ਸ਼ਰਮਾ ਵੀ ਮੌਜੂਦ ਰਹੇ। ਸਾਰੇ ਆਗੂਆਂ ਨੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਗੱਲਬਾਤ ਕਰਦੇ ਹੋਏ ਰਖੇਜਾ ਨੇ ਕਿਹਾ ਕਿ ਉਹ ਜਲੰਧਰ ਹਿਊਮਨ ਰਾਈਟਸ ਕੌਂਸਲ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਪੂਰੀ ਹਿਊਮਨ ਰਾਈਟਸ ਕੌਂਸਲ ਦੀ ਟੀਮ ਇਸ ਔਖੇ ਸਮੇਂ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਸ ਦੇ ਪਿੱਛੇ ਸ਼ਾਮਲ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਖ਼ਿਲਾਫ਼ ਕੜੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਦੋਸ਼ ਸਾਬਤ ਹੋਣ ‘ਤੇ ਉਨ੍ਹਾਂ ਦੇ ਲਾਇਸੈਂਸ ਤੱਕ ਰੱਦ ਕੀਤੇ ਜਾਣੇ ਚਾਹੀਦੇ ਹਨ।