ਗੜ੍ਹਸ਼ੰਕਰ 'ਚ ਖ਼ੂਨੀ ਰਫ਼ਤਾਰ ਦਾ ਕਹਿਰ: ਪਿੱਕ-ਅੱਪ ਅਤੇ 'ਛੋਟੇ ਹਾਥੀ' ਵਿਚਾਲੇ ਭਿਆਨਕ ਟੱਕਰ; ਦਸੂਹਾ ਦੇ ਚਾਲਕ ਦੀ ਮੌਤ
ਗੜ੍ਹਸ਼ੰਕਰ ਇਲਾਕੇ ਵਿੱਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜੇ ਬੀਤੇ ਦਿਨ ਹੋਏ ਹਾਦਸੇ ਦੀ ਜਾਂਚ ਪੁਲਿਸ ਵੱਲੋਂ ਪੂਰੀ ਵੀ ਨਹੀਂ ਸੀ ਕੀਤੀ ਗਈ ਕਿ ਅੱਜ ਫ਼ਿਰ ਹੁਸ਼ਿਆਰਪੁਰ ਰੋਡ 'ਤੇ ਇੱਕ ਹੋਰ ਮੰਦਭਾਗਾ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਮਹਿੰਦਰਾ ਪਿੱਕ-ਅੱਪ ਅਤੇ ਟਾਟਾ ਐੇਸ (ਛੋਟਾ ਹਾਥੀ) ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਛੋਟੇ ਹਾਥੀ ਦੇ ਚਾਲਕ ਦੀ ਦਰਦਨਾਕ ਮੌਤ ਹੋ ਗਈ।
Publish Date: Wed, 20 May 2026 01:54 PM (IST)
Updated Date: Wed, 20 May 2026 01:55 PM (IST)

ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ, ਗੜਸ਼ੰਕਰ : ਗੜ੍ਹਸ਼ੰਕਰ ਇਲਾਕੇ ਵਿੱਚ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅਜੇ ਬੀਤੇ ਦਿਨ ਹੋਏ ਹਾਦਸੇ ਦੀ ਜਾਂਚ ਪੁਲਿਸ ਵੱਲੋਂ ਪੂਰੀ ਵੀ ਨਹੀਂ ਸੀ ਕੀਤੀ ਗਈ ਕਿ ਅੱਜ ਫ਼ਿਰ ਹੁਸ਼ਿਆਰਪੁਰ ਰੋਡ 'ਤੇ ਇੱਕ ਹੋਰ ਮੰਦਭਾਗਾ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਮਹਿੰਦਰਾ ਪਿੱਕ-ਅੱਪ ਅਤੇ ਟਾਟਾ ਐੇਸ (ਛੋਟਾ ਹਾਥੀ) ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਵਿੱਚ ਛੋਟੇ ਹਾਥੀ ਦੇ ਚਾਲਕ ਦੀ ਦਰਦਨਾਕ ਮੌਤ ਹੋ ਗਈ।
ਕੇ.ਐਫ.ਸੀ. ਦੇ ਸਾਹਮਣੇ ਆਹਮੋ-ਸਾਹਮਣੇ ਭਿੜੇ ਵਾਹਨ
ਪ੍ਰਾਪਤ ਜਾਣਕਾਰੀ ਅਨੁਸਾਰ, ਟਾਟਾ ਐੇਸ (ਛੋਟਾ ਹਾਥੀ) ਨੰਬਰ PB-07-CF-6637 ਗੜ੍ਹਸ਼ੰਕਰ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਹੁਸ਼ਿਆਰਪੁਰ ਰੋਡ 'ਤੇ ਸਥਿਤ ਕੇ.ਐਫ.ਸੀ. (KFC) ਦੇ ਸਾਹਮਣੇ ਪਹੁੰਚਿਆ, ਤਾਂ ਸਾਹਮਣੇ ਤੋਂ (ਹੁਸ਼ਿਆਰਪੁਰ ਵੱਲੋਂ) ਆ ਰਹੀ ਇਕ ਤੇਜ਼ ਰਫ਼ਤਾਰ ਮਹਿੰਦਰਾ ਪਿੱਕ-ਅੱਪ ਗੱਡੀ ਨੰਬਰ PB-01-HN-4683 ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਦਸੂਹਾ ਦੇ ਨੌਜਵਾਨ ਦੀ ਮੌਤ: ASI ਰਾਜ ਕੁਮਾਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੇ ਏ.ਐੱਸ.ਆਈ. (ASI) ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਛੋਟੇ ਹਾਥੀ ਦੇ ਚਾਲਕ ਲਖਵੀਰ ਸਿੰਘ ਵਾਸੀ ਪਿੰਡ ਮੰਡ, ਥਾਣਾ ਦਸੂਹਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਵਾਹਨ ਵਿੱਚੋਂ ਕੱਢ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਮੋਰਚਰੀ (ਮੁਰਦਾਘਰ) ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪੁਲਿਸ ਵੱਲੋਂ ਅਗਲੇਰੀ ਜਾਂਚ ਸ਼ੁਰੂ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾਇਆ ਗਿਆ ਹੈ। ਮ੍ਰਿਤਕ ਲਖਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਪਿੱਕ-ਅੱਪ ਚਾਲਕ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।