ਡੀਸੀ ਬਣੇ ਸੁਰਜੀਤ ਹਾਕੀ ਸੁਸਾਇਟੀ ਦੇ 22ਵੇਂ ਪ੍ਰਧਾਨ
ਡੀਸੀ ਜਲੰਧਰ ਵਰਜੀਤ ਵਾਲੀਆ ਬਣੇ ਸੁਰਜੀਤ ਹਾਕੀ ਸੁਸਾਇਟੀ ਦੇ 22ਵੇਂ ਪ੍ਰਧਾਨ
Publish Date: Tue, 21 Apr 2026 07:13 PM (IST)
Updated Date: Tue, 21 Apr 2026 07:16 PM (IST)
-ਕਿਹਾ, ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਸਾਇਟੀ ਨੂੰ ਮਿਲੇਗਾ ਪੂਰਾ ਸਹਿਯੋਗ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਆਈਏਐੱਸ ਨੂੰ ਸਾਲ 1984 ’ਚ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ (ਸਾਬਕਾ ਕਪਤਾਨ, ਭਾਰਤੀ ਹਾਕੀ ਟੀਮ) ਦੀ ਯਾਦ ’ਚ ਸਥਾਪਿਤ ਸੁਰਜੀਤ ਹਾਕੀ ਸੁਸਾਇਟੀ ਦਾ 22ਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਸੁਸਾਇਟੀ ਦੇ ਵਰਕਿੰਗ ਪ੍ਰਧਾਨ ਲੇਖ ਰਾਜ ਨਈਅਰ, ਆਈਆਰਐੱਸ (ਸੇਵਾਮੁਕਤ) ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਸੁਸਾਇਟੀ ਦੇ ਸੰਵਿਧਾਨ ਅਨੁਸਾਰ ਲਿਆ ਗਿਆ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਸੁਸਾਇਟੀ ਲਈ ਦਿੱਤੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਗਈ।
ਸੁਸਾਇਟੀ ਦੇ ਸੀਈਓ ਇਕਬਾਲ ਸਿੰਘ ਸੰਧੂ, ਪੀਸੀਐੱਸ (ਸੇਵਾਮੁਕਤ) ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਸੁਸਾਇਟੀ ਦੇ ਮੈਂਬਰਾਂ ਵੱਲੋਂ ਨਵ-ਨਿਯੁਕਤ ਪ੍ਰਧਾਨ ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਸੁਸਾਇਟੀ ਦੀਆਂ ਵੱਖ-ਵੱਖ ਗਤੀਵਿਧੀਆਂ, ਸੁਰਜੀਤ ਹਾਕੀ ਅਕੈਡਮੀ ਦੇ ਕੰਮਕਾਜ ਤੇ 43ਵੇਂ ਇੰਡਿਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ–2026 ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਉਪਰ ਡੀਸੀ ਵਰਜੀਤ ਵਾਲੀਆ ਨੇ ਸੁਸਾਇਟੀ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਭਰੋਸਾ ਦਿੱਤਾ ਕਿ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਹਾਕੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਸਾਇਟੀ ਦੇ ਵਿਸ਼ਾਲ ਤਜਰਬੇ ਦਾ ਲਾਭ, ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ’ਚ ਕਰਵਾਈ ਜਾਣ ਵਾਲੀ ਏਸ਼ੀਅਨ ਹਾਕੀ ਚੈਂਪੀਅਨਸ਼ਿਪ ’ਚ ਵੀ ਲਿਆ ਜਾਵੇਗਾ।
ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਫਾਊਂਡਰ ਮੈਂਬਰ ਤੇ ਚੀਫ਼ ਪੀਆਰਓ ਸਵ. ਗੁਰਵਿੰਦਰ ਸਿੰਘ ‘ਗੁੱਲੂ’ ਬੱਠਲਾ ਨੂੰ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਲੇਖ ਰਾਜ ਨਈਅਰ, ਲਖਵਿੰਦਰਪਾਲ ਸਿੰਘ ਖਹਿਰਾ (ਵਰਕਿੰਗ ਪ੍ਰਧਾਨ), ਰਣਬੀਰ ਸਿੰਘ ਟੁੱਟ (ਸਕੱਤਰ), ਸੁਰਿੰਦਰ ਸਿੰਘ ਭਾਪਾ (ਜਨਰਲ ਸਕੱਤਰ), ਰਾਮ ਪਰਤਾਪ ਤੇ ਅਮਰੀਕ ਸਿੰਘ ਪਵਾਰ (ਸੀਨੀਅਰ ਮੀਤ ਪ੍ਰਧਾਨ), ਸਿਮਰਦੀਪ ਸਿੰਘ ਬੱਠਲਾ, ਹਰਿੰਦਰ ਸਿੰਘ ਸੰਘਾ, ਕੁਲਵਿੰਦਰ ਸਿੰਘ ਥਿਆੜਾ, ਗੁਰਿੰਦਰ ਸਿੰਘ ਸੰਘਾ, ਸੁਖਵਿੰਦਰ ਸਿੰਘ ਲਾਲੀ, ਗੁਰਇਕਬਾਲ ਸਿੰਘ ਢਿੱਲੋਂ ਤੇ ਕਰਨਦੀਪ ਸਿੰਘ ਵੀ ਹਾਜ਼ਰ ਸਨ।