ਡੀਸੀ ਨੇ ਵਿਕਾਸ ਪ੍ਰਾਜੈਕਟਾਂ ’ਚ ਉੱਚ ਗੁਣਵੱਤਾ ਬਣਾਈ ਰੱਖਣ ਦੇ ਦਿੱਤੇ ਨਿਰਦੇਸ਼
ਡੀਸੀ ਨੇ ਏਜੰਸੀਆਂ ਨੂੰ ਵਿਕਾਸ ਪ੍ਰੋਜੈਕਟਾਂ ’ਚ ਉੱਚ ਗੁਣਵੱਤਾ ਬਣਾਈ ਰੱਖਣ ਦੇ ਦਿੱਤੇ ਨਿਰਦੇਸ਼
Publish Date: Sat, 08 Nov 2025 09:42 PM (IST)
Updated Date: Sat, 08 Nov 2025 09:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹੇ ਦੀਆਂ ਸਭ ਕਾਰਜਕਾਰੀ ਏਜੰਸੀਆਂ ਨੂੰ ਚੱਲ ਰਹੀਆਂ ਵਿਕਾਸ ਪ੍ਰਾਜੈਕਟਾਂ ਵਿੱਚ ਸਭ ਤੋਂ ਉੱਚ ਗੁਣਵੱਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਉਪ-ਮੰਡਲ ਮੈਜਿਸਟਰੇਟਾਂ (ਐੱਸਡੀਐੱਮ), ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ), ਪੰਜਾਬ ਮੰਡੀ ਬੋਰਡ, ਪੰਚਾਇਤੀ ਰਾਜ, ਜਲੰਧਰ ਨਗਰ ਨਿਗਮ ਅਤੇ ਵੱਖ-ਵੱਖ ਨਗਰ ਪਾਲਿਕਾਵਾਂ ਦੇ ਪ੍ਰਤੀਨਿਧੀਆਂ ਨਾਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ੋਰ ਦਿੱਤਾ ਕਿ ਰਾਜ ਸਰਕਾਰ ਨੇ ਸਾਰੇ ਪ੍ਰਾਜੈਕਟਾਂ ਲਈ ਸਖ਼ਤ ਗੁਣਵੱਤਾ ਮਾਪਦੰਡ ਲਾਜ਼ਮੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਾਲ ਡਿਪਟੀ ਕਮਿਸ਼ਨਰ ਨੇ ਐੱਸਡੀਐੱਮ ਨੂੰ ਆਪਣੇ-ਆਪਣੇ ਖੇਤਰ ਵਿੱਚ ਚੱਲ ਰਹੇ ਕੰਮਾਂ ਦਾ ਨਿੱਜੀ ਤੌਰ ਤੇ ਨਿਰੀਖਣ ਕਰਨ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਸਡੀਐੱਮ ਵੱਲੋਂ ਨਿਰੀਖਣ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰ ਤੇ ਵਿਸਥਾਰਤ ਰਿਪੋਰਟ ਤਿਆਰ ਕਰ ਸਮੀਖਿਆ ਕੀਤੀ ਜਾਵੇਗੀ। ਡਾ. ਅਗਰਵਾਲ ਨੇ ਸਪੱਸ਼ਟ ਕੀਤਾ ਕਿ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ, ਉਥੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਗੁਣਵੱਤਾ ਅਤੇ ਮਾਪਦੰਡਾਂ ਨਾਲ ਸਮਝੌਤਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਜਾਂ ਏਜੰਸੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਨਿਰਦੇਸ਼ ਰਾਜ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਵਿਸਥਾਰਤ ਹਦਾਇਤਾਂ ਤਹਿਤ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦਾ ਉਦੇਸ਼ ਪੰਜਾਬ ਭਰ ਵਿੱਚ ਵਿਕਾਸ ਮੁਹਿੰਮਾਂ ’ਚ ਪਾਰਦਰਸ਼ਤਾ ਵਧਾਉਣਾ ਅਤੇ ਜਨਤਾ ਦਾ ਭਰੋਸਾ ਬਣਾਈ ਰੱਖਣਾ ਹੈ।