ਲੂ ਤੋਂ ਬਚਣ ਲਈ ਐਡਵਾਇਜ਼ਰੀ ਦੀ ਹੋਵੇ ਪਾਲਣਾ : ਡੀਸੀ
ਡੀਸੀ ਵੱਲੋਂ ਹੀਟ ਵੇਵ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
Publish Date: Wed, 20 May 2026 07:42 PM (IST)
Updated Date: Wed, 20 May 2026 07:43 PM (IST)

-ਦੁਪਹਿਰ ਸਮੇਂ ਬਿਨਾਂ ਜਰੂਰੀ ਕੰਮ ਬਾਹਰ ਨਾ ਨਿਕਲਿਆ ਜਾਵੇ ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 18 ਤੋਂ 24 ਮਈ ਤੱਕ ‘ਹੀਟ ਵੇਵ’ (ਲੂ) ਚੱਲਣ ਦੇ ਮੱਦੇਨਜ਼ਰ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਵਿਸ਼ੇਸ਼ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀ ਸਾਵਧਾਨੀਆਂ ਵਰਤ ਕੇ ਹੀ ਹੀਟ ਵੇਵ ਤੋਂ ਬਚਾਅ ਕਰ ਸਕਦੇ ਹਨ। ਤੇਜ਼ ਧੁੱਪ ਅਤੇ ਗਰਮ ਹਵਾਵਾਂ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਦੁਪਹਿਰ ਸਮੇਂ ਬਿਨਾਂ ਕਿਸੇ ਜਰੂਰੀ ਕੰਮ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇ ਦੁਪਹਿਰ ਵੇਲੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋਵੇ, ਤਾਂ ਸਿਰ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਛਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿਚ ਨਾ ਜਾਇਆ ਜਾਵੇ। ਜੋ ਲੋਕ ਧੁੱਪ ਵਿਚ ਕੰਮ ਕਰਦੇ ਹਨ, ਉਹ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਥੋੜ੍ਹੀ ਦੇਰ ਬਾਅਦ ਛਾਂ ਵਿਚ ਆਰਾਮ ਕਰਨ ਜਾਂ ਸਿਰ ’ਤੇ ਗਿੱਲਾ ਤੌਲੀਆ ਜਾਂ ਕੱਪੜਾ ਜ਼ਰੂਰ ਰੱਖਣ। ਉਨ੍ਹਾਂ ਨੇ ਕਿਹਾ ਕਿ ਹੀਟ ਸਟ੍ਰੋਕ ਦੇ ਲੱਛਣ ਦਿਸਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਸਰੀਰ ਵਿਚ ਪਾਣੀ ਦੀ ਕਮੀ ਨੂੰ ਰੋਕਣ ਲਈ ਵੱਧ ਤੋਂ ਵੱਧ ਪਾਣੀ ਤੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ। ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ਼, ਖ਼ਰਬੂਜ਼ਾ, ਅੰਗੂਰ, ਖੀਰੇ, ਟਮਾਟਰ ,ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ। ਓਆਰਐੱਸ, ਨਿੰਬੂ-ਪਾਣੀ, ਲੱਸੀ, ਨਾਰੀਅਲ ਦਾ ਪਾਣੀ ਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿਚ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਤੁਰੰਤ ਇਲਾਜ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।