ਐੱਨਐੱਚਏਆਈ ਦੇ ਅਧਿਕਾਰੀਆਂ ’ਤੇ ਡੀਸੀ ਨਾਰਾਜ਼, ਕਿਹਾ ਮੈਨੂੰ ਐੱਫਆਈਆਰ ਲਈ ਮਜਬੂਰ ਨਾ ਕਰੋ

ਐੱਨਐੱਚਏਆਈ ਦੇ ਅਧਿਕਾਰੀਆਂ ’ਤੇ ਲਾਪਰਵਾਹੀ ’ਤੇ ਦਿਸੇ ਨਾਰਾਜ਼, ਹਾਈਵੇ ’ਤੇ ਢੁੱਕਵੇਂ ਪ੍ਰਬੰਧ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਪਿਛਲੇ ਦੋ ਮਹੀਨਿਆਂ ’ਚ ਤਿੰਨ ਵਾਰ ਮੁਲਤਵੀ ਹੋਣ ਤੋਂ ਬਾਅਦ ਆਖਰਕਾਰ ਮੰਗਲਵਾਰ ਨੂੰ ਹੋਈ। ਰੋਡ ਸੇਫ਼ਟੀ ਮਹੀਨੇ ਤੋਂ ਲੈ ਕੇ ਏਜੰਡੇ ’ਚ ਸ਼ਾਮਲ ਵੱਖ-ਵੱਖ ਮਸਲਿਆਂ ’ਤੇ ਅਲੱਗ-ਅਲੱਗ ਵਿਭਾਗਾਂ ਤੋਂ ਮੰਗੀਆਂ ਗਈਆਂ ਰਿਪੋਰਟਾਂ ’ਤੇ ਚਰਚਾ ਤੋਂ ਬਾਅਦ ਮਸਲਾ ਨੈਸ਼ਨਲ ਹਾਈਵੇ ’ਤੇ ਲਾਪਰਵਾਹੀ ਦਾ ਉੱਠਿਆ। ਕਮੇਟੀ ਦੇ ਮੈਂਬਰਾਂ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਕਿਸ਼ਨਗੜ੍ਹ ਨੇੜੇ ਦੋ ਦਿਨ ਪਹਿਲਾਂ ਹੋਏ ਸੜਕ ਹਾਦਸੇ ਦਾ ਮਸਲਾ ਚੁੱਕਿਆ। ਧੁੰਦ ਕਾਰਨ ਸਵੇਰੇ ਕਰੀਬ 5:30 ਵਜੇ ਟਰੱਕ ਤੇ ਟਰਾਲੀ ਦੀ ਟੱਕਰ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖ਼ਮੀ ਹੋ ਗਏ। ਸੈਣੀ ਨੇ ਕਿਹਾ ਕਿ ਪੂਰੀ ਸੜਕ ’ਤੇ ਨਾ ਤਾਂ ਰੋਡ ਸਾਈਨ ਹਨ, ਨਾ ਹੀ ਸਪੀਡ ਲਿਮਟ ਦੇ ਬੋਰਡ, ਤੇ ਨਾ ਹੀ ਚੌਕ ਤੋਂ ਪਹਿਲਾਂ ਕੋਈ ਸਪੀਡ ਬ੍ਰੇਕਰ ਲਗਾਇਆ ਗਿਆ ਹੈ। ਜੇ ਇਹ ਉਪਾਅ ਹੁੰਦੇ ਤਾਂ ਹਾਦਸੇ ਤੋਂ ਬਚਾਅ ਸੰਭਵ ਸੀ। ਜਵਾਬ ’ਚ ਐੱਨਐੱਚਏਆਈ ਦੇ ਅਧਿਕਾਰੀ ਨੇ ਕਿਹਾ ਕਿ ਸੁਧਾਰ ਕੰਮਾਂ ਲਈ ਐਸਟੀਮੇਟ ਤਿਆਰ ਕਰ ਕੇ ਮਨਜ਼ੂਰੀ ਲਈ ਮੁਖ ਦਫ਼ਤਰ ਨੂੰ ਭੇਜਿਆ ਹੋਇਆ ਹੈ ਤੇ ਮਨਜ਼ੂਰੀ ਮਿਲਣ ਉਪਰੰਤ ਜਲਦੀ ਕੰਮ ਕਰਵਾ ਦਿੱਤਾ ਜਾਵੇਗਾ। ਇਸ ’ਤੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਹ ਇਸ ਬਾਰੇ ਕਈ ਵਾਰ ਹਦਾਇਤਾਂ ਦੇ ਚੁੱਕੇ ਹਨ। ਹੁਣ ਇਸ ਨੂੰ ਆਖਰੀ ਚਿਤਾਵਨੀ ਸਮਝਿਆ ਜਾਵੇ। ਜਲਦੀ ਤੋਂ ਜਲਦੀ ਨੈਸ਼ਨਲ ਹਾਈਵੇ ਦੀਆਂ ਖਾਮੀਆਂ ਦੂਰ ਕਰੋ, ਉਨ੍ਹਾਂ ਨੂੰ ਐੱਫਆਈਆਰ ਦਰਜ ਕਰਵਾਉਣ ਲਈ ਮਜਬੂਰ ਨਾ ਕਰੋ। ਜੇ ਮੁੜ ਅਜਿਹਾ ਹੋਇਆ ਤਾਂ ਐੱਨਐੱਚਏਆਈ ਦੇ ਅਧਿਕਾਰੀਆਂ ’ਤੇ ਫੌਜਦਾਰੀ ਕੇਸ ਦਰਜ ਕਰਵਾਇਆ ਜਾਵੇਗਾ।
--------------------------
10 ਦਿਨਾਂ ’ਚ ਕਿਸ਼ਨਗੜ੍ਹ ਚੌਕ ’ਤੇ ਟ੍ਰੈਫਿਕ ਸਿਗਨਲ ਲਾਓ
ਹਾਈਵੇ ’ਤੇ ਖਾਮੀਆਂ ਦੇ ਮਸਲੇ ’ਤੇ ਅਗਲਾ ਸਵਾਲ ਕਿਸ਼ਨਗੜ੍ਹ ਚੌਕ ’ਤੇ ਟ੍ਰੈਫਿਕ ਸਿਗਨਲ ਦਾ ਉੱਠਿਆ। ਜਵਾਬ ’ਚ ਪੀਡਬਲਯੂਡੀ ਦੇ ਐਕਸੀਅਨ ਨੇ ਦੱਸਿਆ ਕਿ ਇਸ ਕੰਮ ਲਈ 18 ਲੱਖ ਰੁਪਏ ਦੇ ਫੰਡ ਮਨਜ਼ੂਰ ਹੋ ਚੁੱਕੇ ਹਨ ਤੇ ਟੈਂਡਰ ਵੀ ਹੋ ਗਿਆ ਹੈ। ਉਨ੍ਹਾਂ ਦੇ ਐੱਸਈ ਛੁੱਟੀ ’ਤੇ ਹਨ, ਇਸ ਕਾਰਨ ਠੇਕੇਦਾਰ ਫਰਮ ਨੂੰ ਆਰਡਰ ਦੇਣ ਦਾ ਕੰਮ ਪੈਂਡਿੰਗ ਹੈ। ਡੀਸੀ ਦੇ ਪੁੱਛਣ ’ਤੇ ਕੰਮ ਲਈ 7 ਦਿਨਾਂ ਦਾ ਸਮਾਂ ਮੰਗਿਆ ਗਿਆ, ਪਰ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 10 ਦਿਨਾਂ ’ਚ ਟ੍ਰੈਫਿਕ ਸਿਗਨਲ ਲਗਾਉਣ ਦਾ ਕੰਮ ਪੂਰਾ ਕੀਤਾ ਜਾਵੇ। ਦੂਜੇ ਪਾਸੇ ਸ਼ਹਿਰ ਦੀਆਂ ਖਰਾਬ ਟ੍ਰੈਫਿਕ ਲਾਈਟਾਂ ਬਾਰੇ ਸਵਾਲ ’ਤੇ ਨਿਗਮ ਦੀ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਨੇ ਕਿਹਾ ਕਿ ਨਵੀਆਂ ਲਾਈਟਾਂ ਲਈ ਐਸਟੀਮੇਟ ਤਿਆਰ ਹੈ ਤੇ ਜਲਦੀ ਹੀ ਪੂਰੇ ਸ਼ਹਿਰ ’ਚ ਨਵੀਆਂ ਟ੍ਰੈਫਿਕ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
----------------------------
52 ’ਚੋਂ ਸਿਰਫ਼ 33 ਵਿਭਾਗਾਂ ਦੇ ਪ੍ਰਤੀਨਿਧ੍ ਪੁੱਜੇ
ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਲਈ ਵੱਖ-ਵੱਖ ਵਿਭਾਗਾਂ ਦੇ 52 ਮੈਂਬਰਾਂ ਨੂੰ ਏਜੰਡਾ ਜਾਰੀ ਕੀਤਾ ਗਿਆ ਸੀ ਪਰ ਮੀਟਿੰਗ ’ਚ ਸਿਰਫ਼ 33 ਵਿਭਾਗਾਂ ਦੇ ਪ੍ਰਤੀਨਿਧ ਹੀ ਸ਼ਾਮਲ ਹੋਏ। ਐੱਨਐੱਚਏਆਈ ਦੇ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਦੇ ਪ੍ਰੋਜੈਕਟ ਡਾਇਰੈਕਟਰਾਂ ਦੀ ਥਾਂ ਉਨ੍ਹਾਂ ਦੇ ਪ੍ਰਤੀਨਿਧ, ਪੀਡਬਲਯੂਡੀ ਦੇ ਐਕਸੀਅਨ, ਸਿਹਤ, ਸਿੱਖਿਆ ਤੇ ਵਣ ਵਿਭਾਗ ਤੋਂ ਕੋਈ ਵੀ ਨਹੀਂ ਆਇਆ। ਨਿਗਮ ਦੇ ਕਮਿਸ਼ਨਰ ਦੀ ਥਾਂ ਜੁਆਇੰਟ ਕਮਿਸ਼ਨਰ ਤੇ ਐੱਸਈ ਹੀ ਪੁੱਜੇ। ਇਸ ਤੋਂ ਪਹਿਲਾਂ ਵੀ ਡੀਸੀ ਨੇ ਕਿਹਾ ਸੀ ਕਿ ਮੀਟਿੰਗ ’ਚ ਸਬੰਧਤ ਵਿਭਾਗ ਤੋਂ ਉਹੀ ਅਧਿਕਾਰੀ ਆਉਣ ਜੋ ਜਵਾਬਦੇਹ ਹੋਣ, ਨਾ ਕਿ ਉਹ ਜੋ “ਪੁੱਛ ਕੇ ਦੱਸਾਂਗੇ” ਕਹਿ ਕੇ ਟਾਲ ਮਟੋਲ ਕਰਨ।
--------------------------
ਸ਼ਹਿਰ ’ਚ ਜ਼ੈੱਬਰਾ ਕ੍ਰਾਸਿੰਗ ਤੇ ਫੁੱਟਪਾਥਾਂ ਤੋਂ ਕਬਜ਼ੇ ਖਾਲੀ ਕਰਵਾਉਣ ਦੇ ਹੁਕਮ
ਮੀਟਿੰਗ ’ਚ ਸ਼ਹਿਰ ਦੇ ਚੌਕਾਂ ’ਤੇ ਪੈਦਲ ਲੋਕਾਂ ਲਈ ਬਣੀਆਂ ਜ਼ੈੱਬਰਾ ਕ੍ਰਾਸਿੰਗਾਂ ਤੇ ਫੁੱਟਪਾਥਾਂ ’ਤੇ ਹੋਏ ਕਬਜ਼ੇ ਖਾਲੀ ਕਰਵਾਉਣ ਲਈ ਨਿਗਮ ਤੇ ਟ੍ਰੈਫਿਕ ਪੁਲਿਸ ਨੂੰ ਹੁਕਮ ਦਿੱਤੇ ਗਏ। ਹਾਲਾਂਕਿ ਹਕੀਕਤ ਇਹ ਹੈ ਕਿ ਡੀਸੀ ਕੰਪਲੈਕਸ ਤੋਂ ਲੈ ਕੇ ਸਾਹਮਣੇ ਸਥਿਤ ਪੁਡਾ ਕੰਪਲੈਕਸ ਤੱਕ ਫੁੱਟਪਾਥਾਂ ’ਤੇ ਸ਼ਹਿਰ ਦੇ ਰੇਹੜੀ-ਫੜੀ ਵਾਲਿਆਂ ਦਾ ਸਾਲਾਂ ਤੋਂ ਕਬਜ਼ਾ ਬਣਿਆ ਹੋਇਆ ਹੈ।
---------------------------
ਛੇ ਮਹੀਨਿਆਂ ’ਚ 10 ਤੋਂ ਵੱਧ ਲੋਕਾਂ ਦੀ ਜਾ ਚੁੱਕੀ ਹੈ ਜਾਨ
ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਦੱਸਿਆ ਕਿ ਮੀਟਿੰਗ ’ਚ ਬਲੈਕ ਸਪਾਟ ਤੇ ਗੈਰ-ਕਾਨੂੰਨੀ ਕੱਟਾਂ ਦਾ ਮਸਲਾ ਕਈ ਵਾਰ ਚੁੱਕਿਆ ਗਿਆ ਹੈ ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸੜਕ ਬਣਾਉਂਦੇ ਸਮੇਂ ਬਲੈਕ ਸਪਾਟ ਛੱਡਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਰਿਆਂ ਨੂੰ ਸਬਕ ਮਿਲੇ ਤੇ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝੇ। ਸੈਣੀ ਨੇ ਡੀਸੀ ਦੇ ਸਾਹਮਣੇ ਮਸਲਾ ਰੱਖਿਆ ਕਿ ਜਲੰਧਰ ਤੋਂ ਭੋਗਪੁਰ ਹਾਈਵੇ ’ਤੇ 14 ਬਲੈਕ ਸਪਾਟ ਹਨ ਅਤੇ 20 ਤੋਂ ਵੱਧ ਗੈਰ-ਕਾਨੂੰਨੀ ਕੱਟ ਬਣੇ ਹੋਏ ਹਨ। ਪਿਛਲੇ ਛੇ ਮਹੀਨਿਆਂ ’ਚ ਇੱਥੇ 8 ਤੋਂ ਵੱਧ ਹਾਦਸੇ ਹੋਏ ਹਨ ਤੇ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫਿਰ ਵੀ ਜ਼ਿੰਮੇਵਾਰ ਅਧਿਕਾਰੀ ਬਲੈਕ ਸਪਾਟਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਹਾਈਵੇ ’ਤੇ ਸਿਰਫ਼ ਦੋ ਥਾਵਾਂ ’ਤੇ ਸਪੀਡ ਲਿਮਟ ਦੇ ਸਾਈਨ ਬੋਰਡ ਲੱਗੇ ਹਨ, ਜੋ ਵਾਹਨ ਚਾਲਕਾਂ ਨੂੰ ਸਾਫ਼ ਦਿਖਾਈ ਵੀ ਨਹੀਂ ਦਿੰਦੇ। ਡੀਸੀ ਨੇ ਇਸ ਮਸਲੇ ’ਤੇ ਵੀ ਜਲਦੀ ਸੁਧਾਰ ਦੇ ਹੁਕਮ ਦਿੱਤੇ ਹਨ।