ਗਹਿਣਿਆਂ ਦੀ ਦੁਕਾਨ ’ਚ ਦਿਨ-ਦਿਹਾੜੇ ਲੁੱਟ, ਪਿਸਤੌਲ ਦਿਖਾ ਕੇ 2 ਲੱਖ ਨਕਦ ਤੇ ਗਹਿਣੇ ਲੈ ਕੇ ਫਰਾਰ
ਦਿਨ ਦਿਹਾੜੇ ਜਿਉਲਰੀ ਸ਼ਾਪ ’ਚ ਲੁੱਟ, ਪਿਸਤੌਲ ਦਿਖਾ ਕੇ 2 ਲੱਖ ਨਕਦ ਤੇ ਗਹਿਣੇ ਲੈ ਕੇ ਫਰਾਰ ਹੋਏ ਲੁਟੇਰੇ
Publish Date: Thu, 30 Oct 2025 10:16 PM (IST)
Updated Date: Thu, 30 Oct 2025 10:18 PM (IST)

------------ਤਸਵੀਰਾਂ ਹਿੰਦੀ ਚੋਂ 51 ਤੋਂ 58---------------    -ਭਾਰਗੋ ਕੈਂਪ ’ਚ ਵਾਪਰੀ ਵਾਰਦਾਤ, ਦੋ ਲੁਟੇਰੇ ਗ੍ਰਿਫਤਾਰ, ਇਕ ਫਰਾਰ         -ਸੀਸੀਟੀਵੀ ’ਚ ਕੈਦ ਵਾਰਦਾਤ, ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ                 ਪੰਜਾਬੀ ਜਾਗਰਣ ਟੀਮ, ਜਲੰਧਰ : ਸ਼ਹਿਰ ਦੇ ਭਾਰਗੋ ਕੈਂਪ ਥਾਣਾ ਖੇਤਰ ’ਚ ਮੰਗਲਵਾਰ ਦੁਪਹਿਰ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਵਿਜੇ ਜਿਊਲਰੀ ਦੀ ਦੁਕਾਨ ’ਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਅੰਜਾਮ ਦੇ ਦਿੱਤੀ। ਲੁਟੇਰੇ ਪਿਸਤੌਲ ਤੇ ਦਾਤਰ ਨਾਲ ਲੈਸ ਸਨ ਤੇ ਕੁਝ ਮਿੰਟਾਂ ’ਚ ਹੀ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਦੁਪਹਿਰ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਚੋਂ ਇਕ ਕੁਸ਼ਲ ਨਾਮ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ, ਜੋ ਭਾਰਗੋ ਕੈਂਪ ਦਾ ਹੀ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਵੀ ਨੇੜਲੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਨੇ ਗ੍ਰਿਫਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਪਰ ਤੀਸਰੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਘਟਨਾ ਵਿਜੇ ਜਿਊਲਰੀ ਦੀ ਦੁਕਾਨ ’ਚ ਵਾਪਰੀ ਜੋ ਭਾਰਗੋ ਕੈਂਪ ਥਾਣੇ ਅਧੀਨ ਆਉਂਦੀ ਹੈ। ਤਿੰਨ ਲੁਟੇਰੇ ਗੰਨ ਪੁਆਇੰਟ ’ਤੇ ਦੁਕਾਨ ’ਚ ਆਏ ਤੇ ਉਥੇ ਮੌਜੂਦ ਦੀਪਕ ਨੂੰ ਪਿਸਤੌਲ ਦਿਖਾ ਕੇ ਧਮਕਾਉਣ ਲੱਗੇ। ਸੀਸੀਟੀਵੀ ਫੁਟੇਜ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇਕ ਲੁਟੇਰੇ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ ਜਦਕਿ ਬਾਕੀ ਦੋ ਗਹਿਣੇ ਤੇ ਨਕਦੀ ਇਕੱਠੀ ਕਰਨ ’ਚ ਲੱਗ ਗਏ। ਜਦੋਂ ਦੀਪਕ ਨੇ ਰੌਲਾ ਪਾਇਆ ਤਾਂ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ। ਉਨ੍ਹਾਂ ਨੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ ਤੇ ਉਥੋਂ ਲਗਪਗ ਦੋ ਲੱਖ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ। ਪੂਰੀ ਵਾਰਦਾਤ ਨੂੰ ਕੇਵਲ ਦੋ ਮਿੰਟ ’ਚ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨੇ ਮੁਲਜ਼ਮ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।               ---                 ਪੁਲਿਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਸ਼ੁਰੂ ਕੀਤੀ ਜਾਂਚ                   ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਤੇ ਭਾਰਗੋ ਕੈਂਪ ਥਾਣੇ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਦੁਕਾਨ ਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ’ਚ ਲੈ ਲਈ ਹੈ ਤੇ ਫਰਾਰ ਲੁਟੇਰਿਆਂ ਦੀ ਪਛਾਣ ਕਰ ਲਈ ਹੈ। ਫੁਟੇਜ ਦੇ ਆਧਾਰ ’ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਸੀ ਕਿਉਂਕਿ ਉਨ੍ਹਾਂ ਨੇ ਸਿਰਫ਼ ਦੋ ਮਿੰਟ ’ਚ ਬਹੁਤ ਸੁਚੱਜੇ ਢੰਗ ਨਾਲ ਲੁੱਟ ਨੂੰ ਅੰਜਾਮ ਦਿੱਤਾ ਤੇ ਗੱਲੇ ਵੱਲ ਇਸ਼ਾਰਾ ਕਰਕੇ ਦੀਪਕ ਨੂੰ ਪੈਸੇ ਕੱਢਣ ਲਈ ਕਿਹਾ, ਜਿਸ ਤੋਂ ਇਹ ਸਾਫ਼ ਹੈ ਕਿ ਉਹ ਦੁਕਾਨ ਨਾਲ ਭੇਤੀ ਸਨ।                     ---                       ਦੁਕਾਨ ’ਚ ਇਕੱਲਾ ਸੀ ਦੀਪਕ                         ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਵੇਲੇ ਦੁਕਾਨ ’ਚ ਉਨ੍ਹਾਂ ਦਾ ਪੁੱਤਰ ਦੀਪਕ ਹੀ ਇਕੱਲਾ ਸੀ। ਲੁਟੇਰੇ ਪਹਿਲਾਂ ਗਾਹਕ ਬਣ ਕੇ ਅੰਦਰ ਆਏ ਤੇ ਫਿਰ ਅਚਾਨਕ ਹਥਿਆਰ ਕੱਢ ਕੇ ਲੁੱਟ-ਖੋਹ ਸ਼ੁਰੂ ਕਰ ਦਿੱਤੀ। ਲੁਟੇਰਿਆਂ ਨੇ ਜਾਂਦੇ ਸਮੇਂ ਦੁਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜ ਨਿਕਲੇ।                           ---                             ਵਪਾਰੀਆਂ ਨੇ ਪ੍ਰਗਟਾਇਆ ਰੋਸ, ਪੁਲਿਸ ਵਿਰੁੱਧ ਪ੍ਰਦਰਸ਼ਨ ਦੀ ਚਿਤਾਵਨੀ                               ਘਟਨਾ ਤੋਂ ਬਾਅਦ ਸੁਨਿਆਰਾ ਬਾਜ਼ਾਰ ਦੇ ਹੋਰ ਵਪਾਰੀ ਵੀ ਮੌਕੇ ’ਤੇ ਇਕੱਠੇ ਹੋ ਗਏ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਪੁਲਿਸ ਦੀ ਨਾਕਾਮੀ ਨੂੰ ਸਾਬਤ ਕਰਦੀਆਂ ਹਨ। ਵਪਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਬਾਜ਼ਾਰ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰਨਗੇ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਤੋਂ ਮੁਲਜ਼ਮਾਂ ਦੇ ਹੌਸਲੇ ਬੁਲੰਦ ਹਨ ਤੇ ਪੁਲਿਸ ਗਸ਼ਤ ਨਾਂਹ ਦੇ ਬਰਾਬਰ ਹੈ। ਸੁਨਿਆਰਿਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ’ਚ ਵਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ’ਤੇ ਰੋਕ ਲਈ ਰਾਤ-ਦਿਨ ਗਸ਼ਤ ਵਧਾਈ ਜਾਵੇ ਤੇ ਬਜ਼ਾਰਾਂ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।                                 ---                                   ਦਹਿਸ਼ਤ ਦੇ ਦੋ ਮਿੰਟ...                                     ਲੁਟੇਰੇ ਸਵੇਰੇ 10 ਵਜੇ 49 ਮਿੰਟ ’ਤੇ ਦੁਕਾਨ ’ਚ ਦਾਖ਼ਲ ਹੋਏ। ਉਨ੍ਹਾਂ ਨੂੰ ਦੇਖ ਕੇ ਦੀਪਕ ਪਿੱਛੇ ਭੱਜਿਆ ਤੇ ਕੋਨੇ ’ਚ ਲੁਕ ਗਿਆ। ਇਕ ਲੁਟੇਰੇ ਦੇ ਹੱਥ ’ਚ ਪਿਸਤੌਲ ਸੀ, ਦੂਜੇ ਦੇ ਹੱਥ ’ਚ ਦਾਤਰ, ਤੇ ਤੀਜਾ ਲੁਟੇਰਾ ਗਹਿਣੇ ਬੈਗ ’ਚ ਪਾਉਣ ਲੱਗ ਪਿਆ।                                       ---                                         ਗੋਲੀ ਮਾਰਨ ਦੀ ਕੀਤੀ ਕੋਸ਼ਿਸ਼                                           ਜਦੋਂ ਦੀਪਕ ਨੇ ਰੌਲਾ ਪਾਇਆ ਤਾਂ ਪਿਸਤੌਲ ਫੜੇ ਨੌਜਵਾਨ ਨੇ ਆਪਣੇ ਖਰਾਬ ਹੱਥ ਕਾਰਨ ਪਿਸਤੌਲ ਦੂਜੇ ਨੂੰ ਦੇ ਦਿੱਤੀ, ਜਿਸ ਨੇ ਪਿਸਤੌਲ ਦੀਪਕ ਵੱਲ ਤਾਣੀ ਤੇ ਗਾਲਾਂ ਕੱਢ ਕੇ ਚੁੱਪ ਰਹਿਣ ਲਈ ਕਿਹਾ। ਸੀਸੀਟੀਵੀ ’ਚ ਨਜ਼ਰ ਆ ਰਿਹਾ ਸੀ ਕਿ ਉਸ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਾਇਰ ਮਿਸ ਹੋ ਗਿਆ। ਇਸ ਦੌਰਾਨ ਇਕ ਹੋਰ ਲੁਟੇਰੇ ਨੇ ਦਾਤਰ ਨਾਲ ਮਾਰਨ ਦਾ ਡਰ ਵੀ ਦਿਖਾਇਆ।                                             ---                                               ਖਰਾਬ ਹੱਥ ਵਾਲੇ ਮੁਲਜ਼ਮ ਨੇ ਗੱਲੇ ’ਚੋਂ ਪੈਸੇ ਕੱਢਣ ਲਈ ਕਿਹਾ                                                 ਇਸ ਦੌਰਾਨ ਖਰਾਬ ਹੱਥ ਵਾਲੇ ਮੁਲਜ਼ਮ ਨੇ ਦੀਪਕ ਨੂੰ ਗੱਲੇ ਵੱਲ ਇਸ਼ਾਰਾ ਕਰਕੇ ਪੈਸੇ ਕੱਢਣ ਲਈ ਕਿਹਾ। ਦੁਕਾਨ ਦੇ ਬਾਹਰ ਕੁਝ ਲੋਕਾਂ ਨੇ ਦੋ-ਤਿੰਨ ਵਾਰ ਅੰਦਰ ਝਾਤ ਮਾਰੀ ਪਰ ਕਿਸੇ ਦੀ ਹਿੰਮਤ ਨਹੀਂ ਹੋਈ ਅੰਦਰ ਆਉਣ ਦੀ। ਦੀਪਕ ਨੇ ਗੱਲੇ ਤੋਂ ਪੈਸੇ ਕੱਢੇ ਤੇ ਖਰਾਬ ਹੱਥ ਵਾਲੇ ਮੁਲਜ਼ਮ ਨੇ ਉਹ ਫੜ੍ਹ ਲਏ।                                                   ---                                                     ਹਵਾ ’ਚ ਪਿਸਤੌਲ ਲਹਿਰਾਈ ਤੇ ਗਾਲਾਂ ਕੱਢਦੇ ਹੋਏ ਫਰਾਰ                                                       ਲੁੱਟ ਤੋਂ ਬਾਅਦ ਮੁਲਜ਼ਮ 10:51 ’ਤੇ ਦੁਕਾਨ ਤੋਂ ਬਾਹਰ ਨਿਕਲੇ ਤੇ ਉਥੇ ਮੌਜੂਦ ਲੋਕਾਂ ਵੱਲ ਹਵਾ ’ਚ ਰਿਵਾਲਵਰ ਲਹਿਰਾ ਕੇ ਗਾਲਾਂ ਕੱਢਦੇ ਹੋਏ ਨਿਕਲ ਗਏ।                                                         ---                                                           ਲੁਟੇਰਿਆਂ ਨੇ ਬਾਹਰ ਨਿਕਲ ਕੇ ਮਾਸਕ ਲਾਹੇ, ਕੱਪੜੇ ਬਦਲੇ                                                             ਦੁਕਾਨ ’ਚ ਦਾਖਲ ਹੋਏ ਤਿੰਨ ਲੁਟੇਰਿਆਂ ’ਚੋਂ ਦੋ ਨੇ ਕਾਲੀ ਹੁੱਡੀ ਪਾਈ ਹੋਈ ਸੀ ਤੇ ਤੀਜੇ ਨੇ ਸੰਤਰੀ ਰੰਗ ਦੀ ਹੁੱਡੀ ਪਾਈ ਸੀ। ਤਿੰਨਾਂ ਨੇ ਮੂੰਹ ਨੂੰ ਨਕਾਬ ਨਾਲ ਢੱਕਿਆ ਹੋਇਆ ਸੀ। ਬਾਹਰਲੇ ਸੀਸੀਟੀਵੀ ’ਚ ਦੋ ਮੁਲਜ਼ਮ ਬੈਗ ਲੈ ਕੇ ਜਾਂਦੇ ਨਜ਼ਰ ਆਏ ਪਰ ਇਕ ਨੇ ਚਿੱਟੀ ਕਮੀਜ਼ ਤੇ ਦੂਜੇ ਨੇ ਕਾਲੀ ਕਮੀਜ਼ ਪਾਈ ਹੋਈ ਸੀ।                                                               ---                                                                ਪ੍ਰਤੱਖਦਰਸ਼ੀਆਂ ਨੇ ਜੋ ਦੇਖਿਆ...                                                                ਦੁਕਾਨ ਦੇ ਬਾਹਰ ਖੜ੍ਹੇ ਮਨੋਜ ਨਾਮਕ ਨੌਜਵਾਨ ਨੇ ਦੱਸਿਆ ਕਿ ਤਿੰਨ ਨੌਜਵਾਨ ਪਿਸਤੌਲ ਲੈ ਕੇ ਦੁਕਾਨ ’ਚ ਗਏ ਤੇ ਦੋ ਮਿੰਟ ਬਾਅਦ ਹੀ ਬਾਹਰ ਆ ਗਏ। ਜਦੋਂ ਉਹ ਅੰਦਰ ਸਨ ਤਾਂ ਸ਼ੀਸ਼ੇ ਟੁੱਟਣ ਦੀ ਆਵਾਜ਼ ਆ ਰਹੀ ਸੀ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਅੰਦਰ ਜਾ ਸਕੇ। ਨੇੜੇ ਹੀ ਰਿਕਸ਼ੇ ’ਤੇ ਜਾ ਰਹੇ ਵਿਜੇ ਨੇ ਦੱਸਿਆ ਕਿ ਜਦੋਂ ਲੁਟੇਰੇ ਬਾਹਰ ਨਿਕਲੇ ਤਾਂ ਹਵਾ ’ਚ ਪਿਸਤੌਲ ਲਹਿਰਾ ਕੇ ਗਾਲਾਂ ਕੱਢ ਰਹੇ ਸਨ, ਜਿਸ ਕਰਕੇ ਕੋਈ ਵੀ ਉਥੇ ਖੜ੍ਹਾ ਨਹੀਂ ਰਿਹਾ ਸਗੋਂ ਸਭ ਨੇ ਜਾਨ ਬਚਾਈ।                                                                ---                                                                ਲਾਅ ਐਂਡ ਆਰਡਰ ਦਾ ਨਿਕਲਿਆ ਜਨਾਜ਼ਾ : ਰਜਿੰਦਰ ਬੇਰੀ                                                                ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਦਿਨ ਦਿਹਾੜੇ ਭਾਰਗੋ ਕੈਂਪ ’ਚ ਵਿਜੇ ਜਿਊਲਰ ਦੀ ਦੁਕਾਨ ਤੇ’ ਲੁੱਟ ਦੀ ਵਾਰਦਾਤ ਹੋਈ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੇ ਹਰ ਇਕ ਜ਼ਿਲ੍ਹੇ ’ਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਨਹੀ ਹੈ। ਭਾਰਗੋ ਕੈਂਪ ਵਰਗੇ ਇੰਨੇ ਭੀੜ ਵਾਲੇ ਇਲਾਕੇ ’ਚ ਇਹੋ ਜਿਹੀ ਵਾਰਦਾਤ ਹੋ ਜਾਣ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਦਾ ਜਨਾਜ਼ਾ ਨਿਕਲ ਚੁੱਕਾ ਹੈ। ਸ਼ਹਿਰ ’ਚ ਰੋਜ਼ਾਨਾ ਕੋਈ ਨਾ ਕੋਈ ਵਾਰਦਾਤ ਹੋ ਰਹੀ ਹੈ, ਲੁੱਟ ਖੋਹ, ਗੋਲੀਬਾਰੀ ਤੇ ਸਨੈਚਿੰਗ ਵਰਗੀਆਂ ਵਾਰਦਾਤਾਂ ਤਾਂ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਹੋ ਜਿਹੀਆਂ ਵਾਰਦਾਤਾਂ ਕਰਨ ਵਾਲਿਆ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।