ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਦੀ ਹੋਈ ਪਲੇਸਮੈਂਟ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 09 May 2026 06:45 PM (IST)
Updated Date: Sat, 09 May 2026 06:47 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ
ਜਲੰਧਰ : ਸਾਊਥ ਇੰਡੀਅਨ ਬੈਂਕ ਵੱਲੋਂ ਡੀਏਵੀ ਕਾਲਜ ’ਚ ਗਾਹਕ ਸੇਵਾ ਸਹਿਯੋਗੀਆਂ ਦੀ ਭਰਤੀ ਲਈ ₹7.60 ਲੱਖ ਦੇ ਸਾਲਾਨਾ ਪੈਕੇਜ ’ਤੇ ਵਿਦਿਆਰਥੀਆਂ ਦੀ ਚੋਣ ਕੀਤੀ। ਇਸ ਸਬੰਧੀ ਜਾਣਕਾਰੀ ਪ੍ਰਿੰਸੀਪਲ ਨੇ ਦਿੱਤੀ। ਇਸ ਚੋਣ ਲਈ ਵਿਦਿਆਰਥੀਆਂ ਦਾ ਯੋਗਤਾ ਟੈਸਟ ਲਿਆ ਗਿਆ। ਜਿਸ ਵਿੱਚੋਂ ਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਅ ਲਈ ਸਫਲਤਾਪੂਰਵਕ ਯੋਗਤਾ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਨਿੱਜੀ ਇੰਟਰਵਿਊ ਸਮੇਤ ਅਗਲੇ ਦੌਰ ਚੰਡੀਗੜ੍ਹ ਵਿਖੇ ਕਰਵਾਏ ਗਏ ਜਿੱਥੇ ਬੀਕਾਮ ਦੇ ਅਖੀਰਲੇ ਸਾਲ ਦੀ ਵਿਦਿਆਰਥਣ ਜਾਗ੍ਰਿਤੀ ਅਤੇ ਬੀਬੀਏ ਅਖੀਰਲੇ ਸਾਲ ਦੀ ਵਿਦਿਆਰਥਣ ਯਸ਼ਿਕਾ ਅਰੋੜਾ ਨੂੰ ਚੁਣਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਚੁਣੇ ਗਏ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਰਤੀ ਮੁਹਿੰਮ ਨੂੰ ਸ਼ਾਨਦਾਰ ਸਫਲ ਬਣਾਉਣ ਲਈ ਡੀਨ ਪਲੇਸਮੈਂਟ ਦੀਆਂ ਸਖ਼ਤ ਕੋਸ਼ਿਸ਼ਾਂ ਤੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਵਾਈਸ ਪ੍ਰਿੰਸੀਪਲ ਪ੍ਰੋ. ਸੋਨਿਕਾ ਦਾਨੀਆ, ਰਜਿਸਟਰਾਰ ਪ੍ਰੋ. ਅਸ਼ੋਕ ਕਪੂਰ, ਡਿਪਟੀ ਰਜਿਸਟਰਾਰ ਪ੍ਰੋ. ਮਨੀਸ਼ ਖੰਨਾ, ਡਿਪਟੀ ਡੀਨ ਪਲੇਸਮੈਂਟ ਡਾ. ਨਿਸ਼ਚੇ ਬਹਿਲ ਅਤੇ ਹੋਰ ਅਧਿਆਪਕ ਮੌਜੂਦ ਸਨ।