ਟਾਹਲੀ ਸਰਬਸੰਮਤੀ ਨਾਲ ਬਣੇ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ
ਦਰਸ਼ਨ ਸਿੰਘ ਟਾਹਲੀ ਸਰਬਸੰਮਤੀ ਨਾਲ ਬਣੇ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ
Publish Date: Thu, 14 May 2026 07:46 PM (IST)
Updated Date: Thu, 14 May 2026 07:48 PM (IST)

--ਨਕੋਦਰ ਹਲਕੇ ਲਈ ਮਾਣ ਵਾਲਾ ਪਲ, ਇਲਾਕੇ ’ਚ ਖੁਸ਼ੀ ਦੀ ਲਹਿਰ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਹਲਕਾ ਨਕੋਦਰ ਲਈ ਉਸ ਵੇਲੇ ਮਾਣ ਤੇ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂ ਦਰਸ਼ਨ ਸਿੰਘ ਟਾਹਲੀ ਨੂੰ ਸਰਬਸੰਮਤੀ ਨਾਲ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਅਮਰੀਕ ਸਿੰਘ ਸੈਣੀ ਨੂੰ ਵਾਇਸ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਚੋਣ ਪੂਰੀ ਤਰ੍ਹਾਂ ਸਰਬਸੰਮਤੀ ਨਾਲ ਹੋਈ। ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਇਕ-ਦੂਜੇ ਨੂੰ ਮਠਿਆਈਆਂ ਵੰਡ ਕੇ ਤੇ ਵਧਾਈਆਂ ਦੇ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ’ਤੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਦਰਸ਼ਨ ਸਿੰਘ ਟਾਹਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਿਰਫ ਇਕ ਵਿਅਕਤੀ ਦੀ ਜਿੱਤ ਨਹੀਂ, ਸਗੋਂ ਪੂਰੇ ਨਕੋਦਰ ਹਲਕੇ ਅਤੇ ਇਲਾਕੇ ਦੇ ਲੋਕਾਂ ਦੀ ਇੱਜ਼ਤ ਅਤੇ ਭਰੋਸੇ ਦੀ ਜਿੱਤ ਹੈ। ਬੀਬੀ ਮਾਨ ਨੇ ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਰਬਸੰਮਤੀ ਚੋਣ ਨੂੰ ਸੰਭਵ ਬਣਾਉਣ ਵਿੱਚ ਜਲੰਧਰ ਜ਼ਿਲ੍ਹੇ ਦੇ ਕਈ ਸੀਨੀਅਰ ਆਗੂਆਂ ਅਤੇ ਵਰਕਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਖ਼ਾਸ ਤੌਰ ‘ਤੇ ਕਰਤਾਰਪੁਰ ਤੋਂ ਸਾਬਕਾ ਮੰਤਰੀ ਅਤੇ ਵਿਧਾਇਕ ਬਲਕਾਰ ਸਿੰਘ, ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂ, ਜਲੰਧਰ ਕੈਂਟ ਤੋਂ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਸ਼ਾਹਕੋਟ ਦੇ ਇੰਚਾਰਜ ਪਿੰਦਰ ਪੰਡੋਰੀ, ਫਿਲੌਰ ਦੇ ਇੰਚਾਰਜ ਪ੍ਰੇਮ ਕੁਮਾਰ ਅਤੇ ਪੰਜਾਬ ਪਲਾਨਿੰਗ ਬੋਰਡ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਦੇ ਸਹਿਯੋਗ ਅਤੇ ਸਾਂਝੇ ਯਤਨਾਂ ਨਾਲ ਇਹ ਸੰਭਵ ਹੋ ਸਕਿਆ ਹੈ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸਮਿਤੀਆਂ ਦੇ ਚੇਅਰਮੈਨਾਂ ਅਤੇ ਜਲੰਧਰ ਜ਼ਿਲ੍ਹੇ ਦੇ ਸਮੂਹ ਵੋਟਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ। ਨਵੇਂ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਵੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਰੋਸੇ ‘ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ ਕੰਮ ਕਰਨਗੇ। ਜਲੰਧਰ ਜ਼ਿਲ੍ਹੇ ਦੇ ਪਿੰਡਾਂ ਦੇ ਵਿਕਾਸ, ਲੋਕ ਭਲਾਈ ਤੇ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।