ਕਮਲ ਕਿਸ਼ੋਰ, ਜਾਗਰਣ

ਕਮਲ ਕਿਸ਼ੋਰ, ਜਾਗਰਣ
ਜਲੰਧਰ : ਸ਼ਹਿਰ ਦੇ ਸਰਕਾਰੀ ਦਫਤਰਾਂ ਦੀ ਬਿਜਲੀ ਕਿਸੇ ਵੀ ਸਮੇਂ ਬੰਦ ਹੋ ਸਕਦੀ ਹੈ। 270 ਅਜਿਹੇ ਸਰਕਾਰੀ ਦਫਤਰ ਹਨ, ਜਿਨ੍ਹਾਂ ਦੀ ਬਿਜਲੀ ਦੇ ਬਿੱਲ ਦੀ ਹੱਦ ਖਤਮ ਹੋ ਚੁਕੀ ਹੈ। ਅਦਾਇਗੀ ਨਾ ਹੋਣ ਕਾਰਨ ਪਟਿਆਲਾ ਹੈੱਡ ਆਫਿਸ ਤੋਂ ਬਿਜਲੀ ਬੰਦ ਹੋਣ ਦੀ ਸੰਭਾਵਨਾ ਹੈ। ਡਿਫਾਲਟਰ ਰਕਮ ਜਮ੍ਹਾਂ ਨਾ ਕਰਨ ਕਾਰਨ ਪਾਵਰਕਾਮ ਨੇ ਦਫਤਰਾਂ 'ਤੇ ਪ੍ਰੀ-ਪੇਡ ਮੀਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜ਼ਿਆਦਾਤਰ ਸਰਕਾਰੀ ਦਫਤਰਾਂ ’ਚ ਮੀਟਰ ਲੱਗ ਚੁੱਕੇ ਹਨ। ਮੀਟਰ ਲੱਗਣ ਤੋਂ ਬਾਅਦ ਇਨ੍ਹਾਂ ਸਰਕਾਰੀ ਦਫਤਰਾਂ ਦੀ ਬਿਜਲੀ ਦੇ ਬਿੱਲ ਦੀ ਹੱਦ ਖਤਮ ਹੋ ਚੁੱਕੀ ਹੈ। ਮੀਟਰ ਨੂੰ ਰੀਚਾਰਜ ਨਾ ਕਰਨ ਕਾਰਨ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦਫਤਰਾਂ ਵਿਚ ਬਿਜਲੀ ਬੰਦ ਹੋ ਸਕਦੀ ਹੈ। ਇਨ੍ਹਾਂ ਦਫਤਰਾਂ ’ਚ ਟ੍ਰਾਂਸਪੋਰਟ ਦਫਤਰ, ਸਥਾਨਕ ਸਰਕਾਰਾਂ ਦਫ਼ਤਰ, ਉਦਯੋਗ ਦਫਤਰ, ਫੂਡ ਸਪਲਾਈ, ਫਾਇਨੈਂਸ, ਖੇਤੀਬਾੜੀ, ਵਾਟਰ ਸਪਲਾਈ, ਸਰਕਾਰੀ ਸਕੂਲ ਅਤੇ ਸਰਕਾਰੀ ਟਿਊਬਵੈੱਲ ਦੇ ਕੁਨੈਕਸ਼ਨ ਸ਼ਾਮਲ ਹਨ। ਫਿਲਹਾਲ ਪਾਵਰਕਾਮ ਨੇ ਇਨ੍ਹਾਂ ਦਫਤਰਾਂ ਨੂੰ ਇਹ ਰਾਹਤ ਦਿੱਤੀ ਹੈ ਕਿ ਰਾਤ ਨੂੰ ਬਿਜਲੀ ਨਾ ਬੰਦ ਕੀਤੀ ਜਾਵੇ। ਪਾਵਰਕਾਮ ਨੇ ਇਨ੍ਹਾਂ ਦਫਤਰਾਂ ਨੂੰ ਰਜਿਸਟਰਡ ਮੋਬਾਈਲ 'ਤੇ ਦੋ ਤੋਂ ਤਿੰਨ ਵਾਰੀ ਸੂਚਨਾ ਭੇਜੀ ਹੈ। ਨਾਲ ਹੀ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ ਕਿ ਸਰਕਾਰੀ ਦਫਤਰ ਬਿਜਲੀ ਦੇ ਇਕ ਮਹੀਨੇ ਦਾ ਐਡਵਾਂਸ ਬਿੱਲ ਭਰ ਕੇ ਖਜ਼ਾਨਾ ਦਫਤਰ ’ਚ ਜਮ੍ਹਾਂ ਕਰਵਾ ਸਕਦੇ ਹਨ।
---
ਕੰਮਕਾਜੀ ਦਿਨ ਸਵੇਰੇ 10 ਤੋਂ 1 ਵਜੇ ਵਿਚਾਲੇ ਬੰਦ ਕੀਤੀ ਜਾਂਦੀ ਹੈ ਸਪਲਾਈ
ਪਾਵਰਕਾਮ ਵੱਲੋਂ ਇਨ੍ਹਾਂ ਦਫਤਰਾਂ ਵਿਚ ਕੰਮਕਾਜੀ ਦਿਨ ’ਚ ਸਵੇਰੇ 10 ਤੋਂ 1 ਵਜੇ ਵਿਚਾਲੇ ਬਿਜਲੀ ਬੰਦ ਕੀਤੀ ਜਾਂਦੀ ਹੈ। ਬਿਜਲੀ ਬੰਦ ਕਰਨ ਦਾ ਟੀਚਾ ਇਹ ਹੈ ਕਿ ਉਕਤ ਦਫਤਰ ਜਲਦੀ ਤੋਂ ਜਲਦੀ ਮੀਟਰ ਨੂੰ ਰੀਚਾਰਜ ਕਰ ਸਕਣ। ਸਰਕਾਰੀ ਦਫਤਰਾਂ ਦੀ ਹੱਦ ਖਤਮ ਹੋ ਚੁਕੀ ਹੈ। ਜੇ ਉਸ ਦਿਨ ਸਰਕਾਰੀ ਛੁੱਟੀ ਹੈ ਤਾਂ ਪਾਵਰਕਾਮ ਵੱਲੋਂ ਬਿਜਲੀ ਬੰਦ ਨਹੀਂ ਕੀਤੀ ਜਾਵੇਗੀ। ਸਰਕਾਰੀ ਦਫਤਰ ਐਵਰੇਜ ਬਿੱਲ ਮੁਤਾਬਕ ਐਡਵਾਂਸ ਬਿੱਲ ਜਮ੍ਹਾਂ ਕਰਵਾ ਸਕਦੇ ਹਨ।
---
ਸਰਕਾਰੀ ਦਫਤਰ 100 ਕਰੋੜ ਦੇ ਡਿਫਾਲਟਰ
ਸਰਕਾਰੀ ਦਫਤਰਾਂ ਦੀ ਗੱਲ ਕਰੀਏ ਤਾਂ 100 ਕਰੋੜ ਤੋਂ ਵੱਧ ਰਕਮ ਦੇ ਡਿਫਾਲਟਰ ਹਨ। ਲੰਬੇ ਸਮੇਂ ਤੋਂ ਇਨ੍ਹਾਂ ਦਫਤਰਾਂ ਨੇ ਪਾਵਰਕਾਮ ਨੂੰ ਬਿੱਲ ਦੀ ਅਦਾਇਗੀ ਨਹੀਂ ਕੀਤੀ। ਸਭ ਤੋਂ ਵੱਧ 49 ਕਰੋੜ ਸਥਾਨਕ ਸਰਕਾਰਾਂ ਦਫਤਰਾਂ ਦੀ ਹੈ। ਨਾਲ ਹੀ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੀ 26.85 ਕਰੋੜ, ਪਬਲਿਕ ਵਰਕਸ ਦੀ 4.46 ਕਰੋੜ, ਰੂਰਲ ਡਿਵੈੱਲਪਮੈਂਟ ਦੀ 4 ਕਰੋੜ, ਸਿਹਤ ਵਿਭਾਗ ਦੀ 9.62 ਕਰੋੜ, ਖੇਡਾਂ ਅਤੇ ਯੁਵਕ ਸੇਵਾਵਾਂ ਦੀ 7.31 ਲੱਖ, ਨਹਿਰੀ ਵਿਭਾਗ ਦੇ 80.31 ਲੱਖ, ਹਾਇਰ ਐਜੂਕੇਸ਼ਨ ਦੇ 60.51 ਲੱਖ, ਸਕੂਲ ਐਜੂਕੇਸ਼ਨ 80 ਲੱਖ, ਹੋਮ ਅਫੇਅਰਜ਼ ਤੇ ਜੇਲ੍ਹ ਦੇ 68 ਲੱਖ, ਇੰਡਸਟਰੀ ਤੇ ਕਾਮਰਸ ਦੇ 12 ਲੱਖ, ਰੈਵੀਨਿਊ ਤੇ ਆਫਤ ਪ੍ਰਬੰਧਨ ਦੇ 35 ਲੱਖ ਹਨ।
---
ਦਫ਼ਤਰਾਂ ਨੂੰ ਸੂਚਿਤ ਕਰਨ ਦੇ ਬਾਵਜੂਦ ਨਹੀਂ ਕਰਵਾਇਆ ਰਿਚਾਰਜ
ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਨੀ ਨੇ ਕਿਹਾ ਕਿ ਸਰਕਾਰੀ ਦਫਤਰਾਂ ਦੀ ਬਿਜਲੀ ਕਦੇ ਵੀ ਬੰਦ ਹੋ ਸਕਦੀ ਹੈ। ਬਿਜਲੀ ਪਟਿਆਲਾ ਹੈੱਡ ਆਫਿਸ ’ਚ ਲੱਗੇ ਆਟੋਮੈਟਿਕ ਸਿਸਟਮ ਵੱਲੋਂ ਹੀ ਬੰਦ ਕੀਤੀ ਜਾਂਦੀ ਹੈ। ਇਨ੍ਹਾਂ ਦਫਤਰਾਂ ਦੀ ਬਿਜਲੀ ਦੇ ਬਿੱਲ ਦੀ ਹੱਦ ਖਤਮ ਹੋ ਚੁਕੀ ਹੈ। ਦਫਤਰਾਂ ਨੂੰ ਸੁਚਨਾ ਰਾਹੀਂ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਮੀਟਰ ਨੂੰ ਰੀਚਾਰਜ ਨਹੀਂ ਕਰਵਾਇਆ ਗਿਆ। ਸਰਕਾਰੀ ਦਫਤਰਾਂ ਦੀ 100 ਕਰੋੜ ਤੋਂ ਵੱਧ ਡਿਫਾਲਟਿੰਗ ਰਕਮ ਕਈ ਸਾਲਾਂ ਤੋਂ ਪੈਂਡਿੰਗ ਹੈ। ਜੇ ਬਿਜਲੀ ਬੰਦ ਹੁੰਦੀ ਹੈ ਤਾਂ ਦਫਤਰ ਦਾ ਕੰਮ ਪ੍ਰਭਾਵਿਤ ਹੋਵੇਗਾ।