ਬੁਕਿੰਗ ਤੋਂ ਕਈ ਦਿਨ ਬਾਅਦ ਵੀ ਨਹੀਂ ਹੋ ਰਹੀ ਸਿਲੰਡਰ ਦੀ ਡਿਲਿਵਰੀ, ਲੋਕਾਂ ਨੇ ਸੜਕ ਜਾਮ ਕਰ ਕੀਤਾ ਪ੍ਰਦਰਸ਼ਨ

-ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਖਤਮ ਕਰਵਾਇਆ ਧਰਨਾ, ਧਰਨਾਕਾਰੀਆਂ ਦੀ ਰਾਹਗੀਰਾਂ ਨਾਲ ਵੀ ਹੋਈ ਝੜਪ
ਬਾਅਦ ’ਚ ਪੁਲਿਸ ਦੀ ਮੌਜੂਦਗੀ ’ਚ ਕੀਤੀ ਗਈ ਗੈਸ ਦੀ ਡਿਲਿਵਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਪੀਜੀ ਦੀ ਕਮੀ ਲਗਾਤਾਰ ਵੱਧ ਰਹੀ ਹੈ। ਗੈਸ ਸਿਲੰਡਰ ਦੀ ਬੁਕਿੰਗ ਤੋਂ 25 ਦਿਨ ਬਾਅਦ ਤੇ ਇਸ ਤੋਂ ਉਪਰੰਤ 12 ਤੋਂ 15 ਦਿਨ ਬੀਤਣ ਦੇ ਬਾਵਜੂਦ ਵੀ ਡਲਿਵਰੀ ਨਹੀਂ ਹੋ ਰਹੀ। ਇਸ ਕਾਰਨ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ। ਇਸ ਦੌਰਾਨ ਸ਼ੁੱਕਰਵਾਰ ਨੂੰ ਖਪਤਕਾਰਾਂ ਦਾ ਗੁੱਸਾ ਫੁੱਟ ਪਿਆ। ਲੋਕਾਂ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਡਿਸਟ੍ਰੀਬਿਊਟਰ ਦਮਨ ਗੈਸ ਸਰਵਿਸ ਦੇ 120 ਫੁੱਟੀ ਰੋਡ ’ਤੇ ਸਥਿਤ ਦਫ਼ਤਰ ਦੇ ਬਾਹਰ ਸੜਕ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਦੁਪਹਿਰ ਲਗਭਗ 12 ਵਜੇ ਲੱਗਾ ਧਰਨਾ ਕਰੀਬ ਡੇਢ ਘੰਟੇ ਤੱਕ ਚੱਲਿਆ। ਇਸ ਦੌਰਾਨ ਲੋਕਾਂ ਨੇ ਪ੍ਰਬੰਧਾਂ ਖ਼ਿਲਾਫ਼ ਨਾਰਾਜ਼ਗੀ ਪ੍ਰਗਟਾਈ। ਉੱਥੇ ਹੀ ਰਾਹਗੀਰਾਂ ਨੇ ਸੜਕ ਬੰਦ ਕਰਨ ਦਾ ਵਿਰੋਧ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨਾਲ ਉਨ੍ਹਾਂ ਦੀ ਝੜਪ ਵੀ ਹੋ ਗਈ। ਇਸ ਕਾਰਨ 120 ਫੁੱਟੀ ਰੋਡ ’ਤੇ ਲੰਮਾ ਜਾਮ ਲੱਗ ਗਿਆ। ਬਾਅਦ ’ਚ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਲੋਕਾਂ ਨੂੰ ਸਮਝਾ ਕੇ ਧਰਨਾ ਖਤਮ ਕਰਵਾਇਆ। ਖਾੜੀ ਦੇਸ਼ਾਂ ’ਚ ਚੱਲ ਰਹੇ ਯੁੱਧ ਦਾ ਅਸਰ ਐੱਲਪੀਜੀ ਸਪਲਾਈ ’ਤੇ ਪਿਆ ਹੈ, ਜਿਸ ਕਾਰਨ ਘਰੇਲੂ ਖਪਤਕਾਰਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਪਰੋਂ ਆਇਲ ਕੰਪਨੀਆਂ ਵੱਲੋਂ 25 ਦਿਨਾਂ ਬਾਅਦ ਹੀ ਦੂਜੇ ਸਿਲੰਡਰ ਦੀ ਬੁਕਿੰਗ ਦੀ ਸ਼ਰਤ ਰੱਖੀ ਗਈ ਹੈ। ਇਸ ਦੇ ਬਾਵਜੂਦ 10-15 ਦਿਨ ਬਾਅਦ ਹੀ ਸਪਲਾਈ ਮਿਲ ਰਹੀ ਹੈ, ਜਿਸ ਕਾਰਨ ਇਕ ਸਿਲੰਡਰ ਲਈ ਲਗਭਗ 40 ਦਿਨ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਗੈਸ ਏਜੰਸੀ ਦੋ ਦਿਨਾਂ ਤੋਂ ਬੰਦ ਸੀ ਤੇ ਬਲੈਕ ਮਾਰਕੀਟਿੰਗ ਵੀ ਵੱਧ ਰਹੀ ਹੈ, ਜਿੱਥੇ ਸਿਲੰਡਰ 2500 ਰੁਪਏ ਤੱਕ ਵੇਚਿਆ ਜਾ ਰਿਹਾ ਹੈ। ਜਸਪਾਲ ਨੇ ਕਿਹਾ ਕਿ ਬੁਕਿੰਗ ਤੋਂ ਬਾਅਦ ਵੀ ਸਪਲਾਈ ਨਹੀਂ ਮਿਲ ਰਹੀ। ਉੱਥੇ ਹੀ ਸੁਮਨ ਨੇ ਕਿਹਾ ਕਿ ਕਈ ਦਿਨਾਂ ਤੋਂ ਗੈਸ ਲਈ ਭਟਕਣਾ ਪੈ ਰਿਹਾ ਹੈ, ਜਿਸ ਕਾਰਨ ਮਜਬੂਰਨ ਧਰਨਾ ਲਾਉਣਾ ਪਿਆ।
--------------------------------
ਰਾਹਗੀਰਾਂ ਨਾਲ ਵੀ ਹੋਈ ਝੜਪ
ਧਰਨੇ ਦੌਰਾਨ ਭਾਰੀ ਜਾਮ ਲੱਗ ਗਿਆ। ਲਗਭਗ 40 ਡਿਗਰੀ ਤਾਪਮਾਨ ’ਚ ਫਸੇ ਲੋਕਾਂ ਨੇ ਵਿਰੋਧ ਕੀਤਾ ਕਿ ਆਮ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੁਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ’ਤੇ ਜਾਣਾ ਸੀ ਅਤੇ ਕੋਈ ਹੋਰ ਰਸਤਾ ਨਹੀਂ ਸੀ। ਇਕ ਦੁਕਾਨਦਾਰ ਨਾਲ ਵੀ ਪ੍ਰਦਰਸ਼ਨਕਾਰੀਆਂ ਦੀ ਤਕਰਾਰ ਹੋ ਗਈ, ਜਿਸ ਦੌਰਾਨ ਗਾਲੀ-ਗਲੋਚ ਵੀ ਹੋਈ। ਸਥਿਤੀ ਖਰਾਬ ਹੋਣ ’ਤੇ ਥਾਣਾ ਬਸਤੀ ਬਾਵਾ ਖੇਲ ਦੇ ਇੰਚਾਰਜ ਜੈਇੰਦਰ ਸਿੰਘ ਪੁਲਿਸ ਬਲ ਨਾਲ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ। ਉਨ੍ਹਾਂ ਕਿਹਾ ਕਿ ਗੈਸ ਸਪਲਾਈ ਲਈ ਸਬੰਧਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ ਤੇ ਰਾਹਗੀਰਾਂ ਨੂੰ ਪਰੇਸ਼ਾਨ ਕਰਨਾ ਠੀਕ ਨਹੀਂ।
------------------------
ਕੰਪਨੀਆਂ ਨੂੰ ਸਪਲਾਈ ਵਧਾਉਣ ਦੀ ਅਪੀਲ
ਖਾਦ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਆਇਲ ਕੰਪਨੀਆਂ ਨੂੰ ਸਪਲਾਈ ਵਧਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਏਜੰਸੀ ਨੂੰ ਇਕ ਗੱਡੀ ਸਪਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਿਰਫ਼ 80 ਫ਼ੀਸਦੀ ਕੋਟਾ ਜਾਰੀ ਕੀਤਾ ਜਾ ਰਿਹਾ ਹੈ, ਜਦਕਿ ਮੰਗ ਕਾਫੀ ਵੱਧ ਗਈ ਹੈ।
--------------------------
ਪੁਲਿਸ ਦੀ ਮੌਜੂਦਗੀ ’ਚ ਕੀਤੀ ਗਈ ਡਲਿਵਰੀ
ਇਹ ਪਹਿਲੀ ਵਾਰ ਸੀ ਕਿ ਗੈਸ ਸਿਲੰਡਰਾਂ ਦੀ ਵੰਡ ਪੁਲਿਸ ਦੀ ਮੌਜੂਦਗੀ ਵਿਚ ਕੀਤੀ ਗਈ। ਦਮਨ ਗੈਸ ਏਜੰਸੀ ਦੇ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਘੱਟ ਸਪਲਾਈ ਕਾਰਨ ਇਹ ਸਮੱਸਿਆ ਆਈ ਹੈ। ਕਈ ਵਾਰ ਲੋਕ ਗੁੱਸੇ ’ਚ ਆ ਕੇ ਸਟਾਫ ਨਾਲ ਬਦਸਲੂਕੀ ਕਰਦੇ ਹਨ। ਤਿੰਨ ਦਿਨਾਂ ਤੋਂ ਸਪਲਾਈ ਰੁਕੀ ਹੋਈ ਸੀ, ਜਿਸ ਕਾਰਨ ਏਜੰਸੀ ਬੰਦ ਰੱਖਣੀ ਪਈ। ਪੁਲਿਸ ਦੀ ਵਿਚੋਲਗੀ ਨਾਲ ਮਾਮਲਾ ਸ਼ਾਂਤ ਕਰਵਾਇਆ ਗਿਆ ਅਤੇ ਸ਼ੁੱਕਰਵਾਰ ਨੂੰ ਆਈ ਸਪਲਾਈ ਨੂੰ ਪੁਲਿਸ ਦੀ ਨਿਗਰਾਨੀ ’ਚ ਖਪਤਕਾਰਾਂ ’ਚ ਵੰਡਿਆ ਗਿਆ।