ਸਪੀਡ ਕੈਮਰਾ ਚਾਲਾਨ ਦੇ ਨਾਂ ’ਤੇ ਸਾਇਬਰ ਠੱਗੀ ਦਾ ਜਾਲ, ਲੋਕਾਂ ਦੇ ਖਾਤੇ ਹੋ ਰਹੇ ਖਾਲੀ

-ਫ਼ਰਜ਼ੀ ਲਿੰਕ ’ਤੇ ਕਲਿੱਕ ਕਰਦੇ ਹੀ ਉੱਡ ਰਹੀ ਹੈ ਮਿਹਨਤ ਦੀ ਕਮਾਈ, ਲੋਕ ਮਿੰਟਾਂ ’ਚ ਹੋ ਰਹੇ ਕੰਗਾਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਸਪੀਡ ਕੈਮਰਾ ਚਲਾਨ ਦੇ ਨਾਂ ’ਤੇ ਫ਼ਰਜ਼ੀ ਮੈਸੇਜ ਭੇਜ ਕੇ ਸਾਈਬਰ ਅਪਰਾਧੀ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ। ਮੋਬਾਈਲ ’ਤੇ ਆਉਣ ਵਾਲਾ ਇਕ ਸਧਾਰਣ ਜਿਹਾ ਸੁਨੇਹਾ ‘ਏ ਸਪੀਡ ਕੈਮਰਾ ਫਲੈਗਡ ਯੁਅਰ ਵਹਾਈਕਲ ਫਾਰ ਸਪੀਡਿੰਗ’ ਲੋਕਾਂ ਲਈ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਸ ਮੈਸੇਜ ਰਾਹੀਂ ਠੱਗ ਲੋਕਾਂ ਨੂੰ ਡਰਾਉਂਦੇ ਹਨ ਕਿ ਟ੍ਰੈਫਿਕ ਨਿਯਮ ਤੋੜਨ ਕਾਰਨ ਉਨ੍ਹਾਂ ਦੇ ਵਾਹਨ ਦਾ ਚਲਾਨ ਕੱਟ ਗਿਆ ਹੈ ਤੇ ਸਮੇਂ ’ਤੇ ਭੁਗਤਾਨ ਨਾ ਕਰਨ ’ਤੇ ਜੁਰਮਾਨਾ ਵੱਧ ਜਾਵੇਗਾ ਜਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਡਰ ਤੇ ਜਲਦਬਾਜ਼ੀ ’ਚ ਲੋਕ ਜਿਵੇਂ ਹੀ ਮੈਸੇਜ ’ਚ ਦਿੱਤੇ ਲਿੰਕ ’ਤੇ ਕਲਿੱਕ ਕਰਦੇ ਹਨ, ਉਹ ਸਿੱਧੇ ਇਕ ਫ਼ਰਜ਼ੀ ਵੈੱਬਸਾਈਟ ’ਤੇ ਪੁੱਜ ਜਾਂਦੇ ਹਨ। ਇਹ ਵੈੱਬਸਾਈਟ ਦੇਖਣ ’ਚ ਬਿਲਕੁਲ ਸਰਕਾਰੀ ਟ੍ਰੈਫਿਕ ਪੁਲਿਸ ਜਾਂ ਆਵਾਜਾਈ ਵਿਭਾਗ ਦੀ ਅਧਿਕਾਰਿਕ ਸਾਈਟ ਵਰਗੀ ਲੱਗਦੀ ਹੈ। ਇਥੋਂ ਹੀ ਠੱਗੀ ਦੀ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ ਲਿੰਕ ਖੋਲ੍ਹਣ ਵਾਲੇ ਦਾ ਪੂਰਾ ਮੋਬਾਈਲ ਕਲੋਨ ਹੋ ਜਾਂਦਾ ਹੈ ਤੇ ਫਿਰ ਉਨ੍ਹਾਂ ਦੇ ਬੈਂਕ ਖਾਤੇ ਸਾਫ਼ ਹੋ ਜਾਂਦੇ ਹਨ।
------------------------
ਕਿਵੇਂ ਕੰਮ ਕਰਦਾ ਹੈ ਸਪੀਡ ਕੈਮਰਾ ਚਾਲਾਨ ਠੱਗੀ ਦਾ ਤਰੀਕਾ
ਸਾਈਬਰ ਠੱਗ ਅਕਸਰ ਇਹ ਮੈਸੇਜ ਅੰਗ੍ਰੇਜ਼ੀ ਭਾਸ਼ਾ ’ਚ ਭੇਜਦੇ ਹਨ, ਤਾਂ ਜੋ ਇਹ ਹੋਰ ਜ਼ਿਆਦਾ ਅਧਿਕਾਰਿਕ ਤੇ ਭਰੋਸੇਯੋਗ ਲੱਗਣ। ਕਈ ਵਾਰ ਮੈਸੇਜ ’ਚ ਵਾਹਨ ਨੰਬਰ ਦਾ ਅੰਸ਼ਿਕ ਜ਼ਿਕਰ ਵੀ ਹੁੰਦਾ ਹੈ, ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਚਾਲਾਨ ਵਾਕਈ ਉਨ੍ਹਾਂ ਦੇ ਵਾਹਨ ਦਾ ਹੀ ਹੈ। ਜਿਵੇਂ ਹੀ ਕੋਈ ਵਿਅਕਤੀ ਲਿੰਕ ਖੋਲ੍ਹਦਾ ਹੈ, ਉਸ ਤੋਂ ਚਾਲਾਨ ਭਰਨ ਦੇ ਨਾਂ ’ਤੇ ਕੁਝ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ ਜਿਵੇਂ ਬੈਂਕ ਖਾਤਾ ਨੰਬਰ, ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ, ਸੀਵੀਵੀ ਨੰਬਰ ਜਾਂ ਓਟੀਪੀ। ਕੁਝ ਮਾਮਲਿਆਂ ’ਚ ਮੋਬਾਈਲ ’ਚ ਇਕ ਫ਼ਰਜ਼ੀ ਐਪ ਡਾਊਨਲੋਡ ਕਰਨ ਲਈ ਵੀ ਕਿਹਾ ਜਾਂਦਾ ਹੈ। ਜਿਵੇਂ ਹੀ ਵਿਅਕਤੀ ਇਹ ਜਾਣਕਾਰੀਆਂ ਦਰਜ ਕਰਦਾ ਹੈ, ਠੱਗਾਂ ਨੂੰ ਖਾਤੇ ਤੱਕ ਪਹੁੰਚ ਮਿਲ ਜਾਂਦੀ ਹੈ ਤੇ ਕੁਝ ਹੀ ਮਿੰਟਾਂ ’ਚ ਪੂਰੀ ਜਮ੍ਹਾਂ-ਪੂੰਜੀ ਖਾਲੀ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਮੋਬਾਈਲ ਕਲੋਨ ਵੀ ਹੋ ਜਾਂਦਾ ਹੈ, ਜਿਸ ਤੋਂ ਬਾਅਦ ਸਾਈਬਰ ਠੱਗ ਖੁਦ ਹੀ ਓਟੀਪੀ ਮੰਗਵਾ ਕੇ ਖਾਤੇ ’ਚ ਪਈ ਰਕਮ ਉਡਾ ਲੈਂਦੇ ਹਨ।
------------------------------
ਡਰ ਤੇ ਜਲਦਬਾਜ਼ੀ ਬਣਦੀ ਹੈ ਠੱਗੀ ਦੀ ਵਜ੍ਹਾ
ਮਾਹਿਰਾਂ ਦਾ ਕਹਿਣਾ ਹੈ ਕਿ ਸਾਈਬਰ ਮੁਲਜ਼ਮ ਲੋਕਾਂ ਦੀ ਮਨੋਵਿਗਿਆਨਿਕ ਸਥਿਤੀ ਨੂੰ ਬਖ਼ੂਬੀ ਸਮਝਦੇ ਹਨ। ਟ੍ਰੈਫਿਕ ਚਾਲਾਨ, ਜੁਰਮਾਨੇ ਤੇ ਕਾਨੂੰਨੀ ਕਾਰਵਾਈ ਦਾ ਨਾਂ ਸੁਣਦੇ ਹੀ ਆਮ ਵਿਅਕਤੀ ਘਬਰਾ ਜਾਂਦਾ ਹੈ। ਇਹੀ ਘਬਰਾਹਟ ਠੱਗਾਂ ਲਈ ਸਭ ਤੋਂ ਵੱਡਾ ਹਥਿਆਰ ਬਣ ਜਾਂਦੀ ਹੈ। ਲੋਕ ਬਿਨਾਂ ਜਾਂਚ-ਪੜਤਾਲ ਕੀਤੇ ਲਿੰਕ ਖੋਲ੍ਹ ਲੈਂਦੇ ਹਨ ਤੇ ਇਹੀ ਇਕ ਛੋਟੀ ਗਲਤੀ ਉਨ੍ਹਾਂ ਨੂੰ ਭਾਰੀ ਨੁਕਸਾਨ ਕਰਵਾ ਦਿੰਦੀ ਹੈ।
--------------------------
ਕਈ ਲੋਕ ਹੋ ਚੁੱਕੇ ਹਨ ਠੱਗੀ ਦਾ ਸ਼ਿਕਾਰ
ਜਲੰਧਰ ਦੇ ਇਕ ਵਪਾਰੀ ਅਜੇ ਦੇ ਮੋਬਾਈਲ ’ਤੇ ਸਪੀਡ ਕੈਮਰਾ ਚਾਲਾਨ ਦਾ ਮੈਸੇਜ ਆਇਆ। ਮੈਸੇਜ ’ਚ ਲਿਖਿਆ ਸੀ ਕਿ ਉਸ ਦੇ ਵਾਹਨ ਦੀ ਗਤੀ ਨਿਰਧਾਰਤ ਹੱਦ ਤੋਂ ਵੱਧ ਪਾਈ ਗਈ ਹੈ ਤੇ 500 ਰੁਪਏ ਦਾ ਚਾਲਾਨ ਬਕਾਇਆ ਹੈ। ਵਪਾਰੀ ਨੇ ਬਿਨਾਂ ਸੋਚੇ-ਸਮਝੇ ਲਿੰਕ ਖੋਲ੍ਹ ਕੇ ਚਾਲਾਨ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਿਵੇਂ ਹੀ ਉਸ ਨੇ ਓਟੀਪੀ ਦਰਜ ਕੀਤਾ, ਕੁਝ ਹੀ ਪਲਾਂ ’ਚ ਉਸ ਦੇ ਬੈਂਕ ਖਾਤੇ ਤੋਂ 48 ਹਜ਼ਾਰ ਰੁਪਏ ਨਿਕਲ ਗਏ। ਜਦ ਤੱਕ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ, ਉਦੋਂ ਤੱਕ ਦੇਰ ਹੋ ਚੁੱਕੀ ਸੀ। ਇਕ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਨੌਜਵਾਨ ਨੂੰ ਵੀ ਅਜਿਹਾ ਹੀ ਮੈਸੇਜ ਮਿਲਿਆ। ਉਸ ਨੇ ਸੋਚਿਆ ਕਿ ਸ਼ਾਇਦ ਅਣਜਾਣੇ ’ਚ ਨਿਯਮ ਟੁੱਟ ਗਿਆ ਹੋਵੇ। ਨੌਜਵਾਨ ਨੇ ਲਿੰਕ ’ਤੇ ਕਲਿੱਕ ਕਰਕੇ ਡੈਬਿਟ ਕਾਰਡ ਦੀ ਜਾਣਕਾਰੀ ਭਰ ਦਿੱਤੀ। ਕੁਝ ਹੀ ਦੇਰ ’ਚ ਉਸ ਦੇ ਖਾਤੇ ’ਚੋਂ 1.10 ਲੱਖ ਰੁਪਏ ਗਾਇਬ ਹੋ ਗਏ। ਬਾਅਦ ’ਚ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਪੂਰੀ ਤਰ੍ਹਾਂ ਫ਼ਰਜ਼ੀ ਵੈੱਬਸਾਈਟ ਸੀ।
------------------------
ਸਰਕਾਰੀ ਚਾਲਾਨ ਤੇ ਫ਼ਰਜ਼ੀ ਮੈਸੇਜ ’ਚ ਫ਼ਰਕ ਸਮਝਣਾ ਜ਼ਰੂਰੀ
ਸਾਈਬਰ ਮਾਹਿਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਅਸਲੀ ਟ੍ਰੈਫਿਕ ਚਾਲਾਨ ਦੀ ਜਾਣਕਾਰੀ ਹਮੇਸ਼ਾਂ parivahan.gov.in, mparivahan.gov.in ਜਾਂ mParivahan ਐਪ ’ਤੇ ਹੀ ਉਪਲੱਬਧ ਹੁੰਦੀ ਹੈ। ਸਰਕਾਰ ਕਦੇ ਵੀ ਮੈਸੇਜ ਭੇਜ ਕੇ ਲਿੰਕ ਰਾਹੀਂ ਬੈਂਕ ਜਾਂ ਕਾਰਡ ਦੀ ਜਾਣਕਾਰੀ ਨਹੀਂ ਮੰਗਦੀ। ਨਾ ਹੀ ਚਾਲਾਨ ਭਰਨ ਲਈ ਓਟੀਪੀ ਸਾਂਝਾ ਕਰਨ ਲਈ ਕਿਹਾ ਜਾਂਦਾ ਹੈ। ਫ਼ਰਜ਼ੀ ਮੈਸੇਜ ’ਚ ਅਕਸਰ ਲਿੰਕ ਦਾ ਯੂਆਰਐਲ ਸ਼ੱਕੀ ਹੁੰਦਾ ਹੈ, ਜਿਸ ’ਚ ਗਲਤ ਸਪੈਲਿੰਗ ਜਾਂ ਅਜੀਬ ਨਾਂ ਦਿਖਾਈ ਦਿੰਦੇ ਹਨ। ਕਈ ਵਾਰ ਲਿੰਕ ਛੋਟੇ (shortened) ਕੀਤੇ ਹੁੰਦੇ ਹਨ ਤਾਂ ਜੋ ਅਸਲੀ ਵੈੱਬਸਾਈਟ ਦਾ ਪਤਾ ਨਾ ਲੱਗ ਸਕੇ।
-------------------------
ਠੱਗੀ ਹੋ ਜਾਣ ’ਤੇ ਕੀ ਕਰੀਏ
ਜੇ ਕੋਈ ਵਿਅਕਤੀ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਤੁਰੰਤ ਆਪਣੇ ਬੈਂਕ ਨੂੰ ਸੂਚਿਤ ਕਰੋ ਤੇ ਖਾਤੇ ਨੂੰ ਅਸਥਾਈ ਤੌਰ ’ਤੇ ਬਲਾਕ ਕਰਵਾਓ। ਨਾਲ ਹੀ ਸਾਇਬਰ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਓ ਜਾਂ cybercrime.gov.in ’ਤੇ ਆਨਲਾਈਨ ਸ਼ਿਕਾਇਤ ਕਰੋ। ਸਮੇਂ ’ਤੇ ਕੀਤੀ ਗਈ ਸ਼ਿਕਾਇਤ ਨਾਲ ਕਈ ਮਾਮਲਿਆਂ ’ਚ ਰਕਮ ਵਾਪਸ ਮਿਲਣ ਦੀ ਸੰਭਾਵਨਾ ਬਣਦੀ ਹੈ। ਸਾਈਬਰ ਠੱਗੀ ਖ਼ਿਲਾਫ਼ ਪੁਲਿਸ ਮੁਹਿੰਮ ਚਲਾ ਰਹੀ ਹੈ। ਜ਼ਰੂਰੀ ਹੈ ਕਿ ਲੋਕ ਵੀ ਸਾਵਧਾਨ ਰਹਿਣ ਤੇ ਕਿਸੇ ਵੀ ਮੈਸੇਜ ’ਤੇ ਅੱਖਾਂ ਮੀਟ ਕੇ ਭਰੋਸਾ ਨਾ ਕਰਨ। ਥੋੜ੍ਹੀ ਜਿਹੀ ਜਾਗਰੂਕਤਾ ਤੇ ਸਮਝਦਾਰੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਸਾਈਬਰ ਠੱਗਾਂ ਤੋਂ ਬਚਾ ਸਕਦੀ ਹੈ। ਕੋਈ ਵੀ ਸਮੱਸਿਆ ਆਉਣ ’ਤੇ ਤੁਰੰਤ ਪੁਲਿਸ ਕੋਲ ਸੰਪਰਕ ਕਰੋ ਸਮੇਂ ਸਿਰ ਕੀਤੀ ਕਾਰਵਾਈ ਨਾਲ ਨੁਕਸਾਨ ਤੋਂ ਬਚਾਅ ਹੋ ਸਕਦਾ ਹੈ।
---ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ