ਸੀਵੀਓ ਨੇ ਹੋਟਲ ਮੈਰੀਟਨ ਤੇ ਕੰਟਰੀ ਇਨ ਦਾ ਰਿਕਾਰਡ ਕੀਤਾ ਤਲਬ
ਸੀਵੀਓ ਨੇ ਹੋਟਲ ਮੈਰੀਟਨ ਤੇ ਕੰਟਰੀ ਇਨ ਦਾ ਰਿਕਾਰਡ ਤਲਬ ਕੀਤਾ
Publish Date: Tue, 12 May 2026 10:15 PM (IST)
Updated Date: Tue, 12 May 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਸਰਕਾਰਾਂ ਵਿਭਾਗ ਦੇ ਚੀਫ ਵਿਜੀਲੈਂਸ ਅਫ਼ਸਰ (ਸੀਵੀਓ) ਨੇ ਨਗਰ ਨਿਗਮ ਜਲੰਧਰ ਤੋਂ ਜੀਟੀ ਰੋਡ ਸਥਿਤ ਦੋ ਵੱਡੇ ਹੋਟਲਾਂ ਦੀ ਜਾਂਚ ਨਾਲ ਸਬੰਧਿਤ ਰਿਕਾਰਡ ਤਲਬ ਕੀਤਾ ਹੈ। ਸੀਵੀਓ ਦੀ ਟੀਮ ਨੇ 24 ਮਾਰਚ 2026 ਨੂੰ ਹੋਟਲ ਮੈਰੀਟਨ ਤੇ ਹੋਟਲ ਕੰਟਰੀ ਇਨ ਦੀ ਜਾਂਚ ਕੀਤੀ ਸੀ। ਸੀਵੀਓ ਨੇ ਨਗਰ ਨਿਗਮ ਨੂੰ ਪੱਤਰ ਲਿਖ ਕੇ ਦੋਵੇਂ ਹੋਟਲਾਂ ਦਾ ਰਿਕਾਰਡ 24 ਮਈ ਨੂੰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਵੀਓ ਨੇ ਲਿਖਿਆ ਹੈ ਕਿ ਹੋਟਲ ਮੈਰੀਟਨ ਸਬੰਧੀ ਨਿਗਮ ਦੇ ਐੱਮਟੀਪੀ ਤੋਂ ਹੋਟਲ ਸਾਈਟ ਦਾ ਨਕਸ਼ਾ ਤੇ ਰਿਕਾਰਡ ਮੰਗਿਆ ਗਿਆ ਸੀ। ਇਸ ਸਬੰਧੀ ਆਰਟੀਆਈ ਕਾਰਕੁੰਨ ਕਰਨਪ੍ਰੀਤ ਸਿੰਘ ਦੀ ਸ਼ਿਕਾਇਤ ’ਚ ਦਰਜ ਤੱਥਾਂ ਨਾਲ ਜੁੜੀ ਰਿਪੋਰਟ-ਰਿਕਾਰਡ ਤੇ ਬਿਲਡਿੰਗ ਨਿਰਮਾਣ ਲਈ ਰੇਲਵੇ ਵਿਭਾਗ ਤੋਂ ਕੋਈ ਐੱਨਓਸੀ ਲਈ ਗਈ ਹੈ ਤਾਂ ਉਸ ਦੀ ਕਾਪੀ ਵੀ ਉਪਲੱਬਧ ਕਰਵਾਈ ਜਾਵੇ। ਉੱਥੇ ਹੀ ਹੋਟਲ ਕੰਟਰੀ ਇਨ ਦੇ ਮਾਮਲੇ ’ਚ ਐੱਮਟੀਪੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਇਨਵੈਸਟ ਪੰਜਾਬ ਪੋਰਟਲ ’ਤੇ ਅਪਲੋਡ ਕੀਤੇ ਗਏ ਨਕਸ਼ਿਆਂ ਦਾ ਰਿਕਾਰਡ ਤੇ ਅਪਲਾਈ ਕੀਤੇ ਗਏ ਕੰਪਲੀਸ਼ਨ ਪਲਾਨ ਦਾ ਰਿਕਾਰਡ ਮੁਹੱਈਆ ਕਰਵਾਇਆ ਜਾਵੇ। ਇਹ ਰਿਕਾਰਡ 20 ਮਈ ਤੱਕ ਭੇਜਣ ਲਈ ਕਿਹਾ ਗਿਆ ਹੈ।