ਸੀਵੀਓ ਨੇ ਦਿੱਤੇ ਪੰਜ ਪ੍ਰੋਜੈਕਟਾਂ 'ਤੇ ਕਾਰਵਾਈ ਦੇ ਨਿਰਦੇਸ਼
ਜਾਸ, ਜਲੰਧਰ : ਲੋਕਲ
Publish Date: Fri, 08 May 2026 09:24 PM (IST)
Updated Date: Fri, 08 May 2026 09:26 PM (IST)
ਜਾਸ, ਜਲੰਧਰ : ਲੋਕਲ ਬਾਡੀ ਡਿਪਾਰਟਮੈਂਟ ਦੇ ਚੀਫ਼ ਵਿਜੀਲੈਂਸ ਅਫ਼ਸਰ (ਸੀਵੀਓ) ਨੇ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਵੀਓ ਨੇ ਅਪ੍ਰੈਲ ਮਹੀਨੇ ’ਚ 42 ਇਮਾਰਤਾਂ ਤੇ ਕਾਲੋਨੀਆਂ ਦੀ ਜਾਂਚ ਕੀਤੀ ਸੀ ਤੇ ਹੁਣ ਇਨ੍ਹਾਂ ਵਿੱਚੋਂ ਪੰਜ ਖ਼ਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਸੀਵੀਓ ਨੇ ਨਗਰ ਨਿਗਮ ਕਮਿਸ਼ਨਰ ਨੂੰ ਬਿਲਡਿੰਗ ਬ੍ਰਾਂਚ ਨੂੰ ਕਾਰਵਾਈ ਦੇ ਨਿਰਦੇਸ਼ ਜਾਰੀ ਕਰਨ ਲਈ ਪੱਤਰ ਲਿਖਿਆ ਹੈ। ਇਨ੍ਹਾਂ ਪੰਜ ਪ੍ਰੋਜੈਕਟਾਂ 'ਤੇ ਕਾਰਵਾਈ ਤੇ ਨਿਰਮਾਣ ਦੌਰਾਨ ਨਿਯਮਾਂ ਦੀ ਉਲੰਘਣਾ 'ਤੇ 18 ਮਈ ਤੱਕ ਰਿਪੋਰਟ ਮੰਗੀ ਗਈ ਹੈ।
ਸ਼ਹਿਰ ’ਚ ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਦੇ ਮਾਮਲੇ 'ਚ ਆਰਟੀਆਈ ਕਾਰਕੁੰਨ ਕਰਨਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਸੀਵੀਓ ਨੇ ਦੋ ਵਾਰੀ ਜਾਂਚ ਕੀਤੀ ਹੈ। ਸੀਵੀਓ ਨੇ ਆਪਣੇ ਪੱਤਰ ’ਚ ਦਰਸਾਇਆ ਹੈ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਹੁਕਮਾਂ ਮੁਤਾਬਕ ਇਹ ਜਾਣਕਾਰੀ ਮੰਗੀ ਗਈ ਹੈ।
ਸੀਵੀਓ ਨੇ ਮਕਸੂਦਾਂ ’ਚ ਸੁਰਦਸ਼ਨ ਪਾਰਕ ਪਿੱਛੇ ਦੁਕਾਨਾਂ ਤੇ ਕੋਠੀਆਂ ਉਸਾਰਣ, ਨਕੋਦਰ ਰੋਡ 'ਤੇ ਇਕ ਸ਼ੋਅਰੂਮ ਦਾ ਪਾਸ ਨਕਸ਼ੇ ਤੋਂ ਵੱਧ ਉਸਾਰੀ, ਕਪੂਰਥਲਾ ਰੋਡ 'ਤੇ ਬੈਂਕ ਦੇ ਸਾਹਮਣੇ ਫੈਕਟਰੀ, ਕਾਲਾ ਸੰਘਿਆ ਰੋਡ 'ਤੇ ਬਣ ਰਹੀਆਂ ਕੋਠੀਆਂ ਨੂੰ 2018 ਦੀ ਨੀਤੀ ਤਹਿਤ ਐੱਨਓਸੀ ਜਾਰੀ ਕਰਨ ਦੇ ਫੈਸਲੇ ਅਤੇ ਲੱਧੇਵਾਲੀ ਵਿਚ ਗ੍ਰੀਨ ਕਾਊਂਟੀ ਪ੍ਰੋਜੈਕਟ 'ਤੇ ਨਿਯਮਾਂ ਮੁਤਾਬਕ ਕਾਰਵਾਈ ਤੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਸ਼ਹਿਰ ’ਚ ਨਾਜਾਇਜ਼ ਉਸਾਰੀਆਂ ਰੋਕਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਬਾਹਰੀ ਇਲਾਕਿਆਂ ’ਚ ਬਿਨਾਂ ਮਨਜ਼ੂਰੀ ਕਈ ਕਾਲੋਨੀਆਂ ਵਿਕਸਿਤ ਹੋ ਰਹੀਆਂ ਹਨ। ਸ਼ਹਿਰ ਦੀਆਂ ਲਗਪਗ ਸਾਰੀਆਂ ਪ੍ਰਮੁੱਖ ਸੜਕਾਂ 'ਤੇ ਵੀ ਬਿਨਾਂ ਨਕਸ਼ਾ ਪਾਸ ਕਰਵਾਏ ਕਾਰੋਬਾਰੀ ਇਮਾਰਤਾਂ ਦੀ ਉਸਾਰੀ ਜਾਰੀ ਹੈ। ਨਿਯਮਾਂ ਨੂੰ ਛਿੱਕੇ ਟੰਗ ਕੇ ਹੋ ਰਹੀਆਂ ਇਨ੍ਹਾਂ ਉਸਾਰੀਆਂ ਨਾਲ ਨਗਰ ਨਿਗਮ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਸਾਰਾ ਪੈਸਾ ਮਾਫੀਆ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਜੇਬ ’ਚ ਜਾ ਰਿਹਾ ਹੈ। ਬਿਲਡਿੰਗ ਬ੍ਰਾਂਚ ਦੀ ਮਿਲੀਭਗਤ ਦੇ ਕਾਰਨ ਸ਼ਿਕਾਇਤਾਂ 'ਤੇ ਵੀ ਕਾਰਵਾਈ ਨਹੀਂ ਹੋ ਰਹੀ।