ਟਰੱਕ ’ਚੋਂ ਡਰਾਈਵਰ ਦੀ ਲਾਸ਼ ਬਰਾਮਦ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Sat, 16 May 2026 09:06 PM (IST)
Updated Date: Sun, 17 May 2026 04:15 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੀ ਆਧੀ ਖੂਹੀ ਪੁਲਿਸ ਚੌਂਕੀ ਦੇ ਘੇਰੇ ’ਚ ਜਲੰਧਰ-ਕਪੂਰਥਲਾ ਮਾਰਗ ਤੇ ਪੈਂਦੇ ਪਿੰਡ ਮੰਡ ਨਜਦੀਕ ਭੇਦ ਭਰੇ ਹਾਲਾਤ ’ਚ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੈ। ਅਨਮੋਲ ਟਰਾਂਸਪੋਰਟ ਦੇ ਮਾਲਕ ਸਾਵਨ ਮਹਿਤਾ ਨੇ ਦੱਸਿਆ ਕਿ ਮ੍ਰਿਤਕ ਗੁਰਜੀਤ ਸਿੰਘ ਇੱਕ ਹਫ਼ਤਾ ਪਹਿਲਾਂ ਹੀ ਉਨ੍ਹਾਂ ਕੋਲ ਕੰਮ ’ਤੇ ਲੱਗਾ ਸੀ। ਉਹ ਦੁਪਹਿਰ ਨੂੰ ਲੈਦਰ ਕੰਪਲੈਕਸ ਵੱਲ ਟਰੱਕ ਲੈ ਕੇ ਗਿਆ ਸੀ। ਉਨ੍ਹਾਂ ਨੂੰ ਮਜ਼ਦੂਰ ਦਾ ਫ਼ੋਨ ਆਇਆ ਕਿ ਡਰਾਇਵਰ ਟਰੱਕ ਵਿੱਚ ਡਿੱਗਾ ਪਿਆ ਹੈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਜੀਤ ਦੀ ਮੌਤ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।