ਵਿਆਜ਼ ਦੇ ਦਬਾਅ ਕਾਰਨ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
- ਸੁਸਾਈਡ ਤੋਂ ਪਹਿਲਾਂ
Publish Date: Sat, 09 May 2026 10:13 PM (IST)
Updated Date: Sat, 09 May 2026 10:15 PM (IST)
- ਸੁਸਾਈਡ ਤੋਂ ਪਹਿਲਾਂ ਪਤਨੀ ਨੂੰ ਭੇਜੀ ਵੀਡੀਓ, ਕਈ ਲੋਕਾਂ ’ਤੇ ਤੰਗ-ਪਰੇਸ਼ਾਨ ਕਰਨ ਦੇ ਲਾਏ ਦੋਸ਼
ਜਾ.ਸ., ਜਲੰਧਰ : ਜਲੰਧਰ ’ਚ ਵਿਆਜ਼ ਦੇ ਲੈਣ-ਦੇਣ ਕਾਰਨ ਪਰੇਸ਼ਾਨ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ 45 ਸਾਲਾ ਅਰੁਣ ਕੁਮਾਰ ਵਜੋਂ ਹੋਈ ਹੈ। ਅਰੁਣ ਕੁਮਾਰ ਨੇ ਦੁਕਾਨ ਦੇ ਅੰਦਰ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਇਕ ਵੀਡੀਓ ਬਣਾ ਕੇ ਆਪਣੀ ਪਤਨੀ ਨੂੰ ਭੇਜੀ, ਜਿਸ ਵਿਚ ਉਸ ਨੇ ਕੁਝ ਲੋਕਾਂ ’ਤੇ ਉਸ ਨੂੰ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਜਾਣਕਾਰੀ ਅਨੁਸਾਰ ਅਰੁਣ ਕੁਮਾਰ ਗੁਲਾਬ ਦੇਵੀ ਰੋਡ ’ਤੇ ਇਕ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਦੋ ਬੱਚੀਆਂ ਦਾ ਪਿਤਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਸ਼ਨਿਚਰਵਾਰ ਸ਼ਾਮ ਨੂੰ ਘਰ ਗਿਆ ਸੀ ਅਤੇ ਬਾਅਦ ਵਿਚ ਦੁਕਾਨ ’ਤੇ ਵਾਪਸ ਆ ਗਿਆ। ਐਤਵਾਰ ਸਵੇਰੇ ਜਦੋਂ ਦੁਕਾਨ ਖੁੱਲ੍ਹੀ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਪੁਲਿਸ ਮੌਕੇ ’ਤੇ ਪਹੁੰਚੀ। ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਤਿੰਨ ਤੋਂ ਚਾਰ ਲੋਕਾਂ ਦੇ ਨਾਮ ਲਏ ਗਏ ਹਨ। ਵੀਡੀਓ ਵਿਚ ਅਰੁਣ ਨੇ ਦੋਸ਼ ਲਾਇਆ ਕਿ ਕੁਝ ਲੋਕ ਉਸ ਤੋਂ ਵਿਆਜ਼ ਦੇ ਪੈਸੇ ਨੂੰ ਲੈ ਕੇ ਲਗਾਤਾਰ ਦਬਾਅ ਬਣਾ ਰਹੇ ਸਨ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰ ਰਹੇ ਸਨ। ਇਸ ਤਣਾਅ ਕਾਰਨ ਉਸ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪਹੁੰਚੀ ਉਸ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮੌਕੇ ’ਤੇ ਪਹੁੰਚੇ ਸ਼ਿਵਸੈਨਾ ਆਗੂ ਨਰਿੰਦਰ ਥਾਪਰ ਨੇ ਦੱਸਿਆ ਕਿ ਅਰੁਣ ਨੇ ਕੁਝ ਲੋਕਾਂ ਕੋਲੋਂ ਵਿਆਜ ’ਤੇ ਪੈਸੇ ਲਏ ਸਨ ਅਤੇ ਉਹ ਨਿਯਮਿਤ ਤੌਰ ’ਤੇ ਕਿਸ਼ਤਾਂ ਦਾ ਭੁਗਤਾਨ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ। ਥਾਪਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਥਾਣਾ-1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਸੀ। ਜਾਂਚ ਵਿਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ ਅਤੇ ਪਤਨੀ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।