ਆਈਐੱਸਆਈ ਜਾਸੂਸੀ ਕੇਸ ’ਚ ਤਸਕਰਾਂ ਨਾਲ ਜੁੜੇ ਸੁੱਖਾ ਦੇ ਤਾਰ, ਕਈ ਜ਼ਿਲ੍ਹਿਆਂ ਤੱਕ ਫ਼ੈਲਿਆ ਨੈੱਟਵਰਕ
-ਅੰਮ੍ਰਿਤਸਰ-ਫਿਰੋਜ਼ਪੁਰ ਦੇ ਤਸਕਰਾਂ ਨਾਲ
Publish Date: Sun, 03 May 2026 08:39 PM (IST)
Updated Date: Mon, 04 May 2026 04:15 AM (IST)

-ਅੰਮ੍ਰਿਤਸਰ-ਫਿਰੋਜ਼ਪੁਰ ਦੇ ਤਸਕਰਾਂ ਨਾਲ ਸੰਪਰਕ ਹੋਣ ਦੀ ਸੰਭਾਵਨਾ, ਪੁਲਿਸ ਕਰ ਰਹੀ ਜਾਂਚ - ਪਾਕਿਸਤਾਨ ਬਾਰਡਰ ਤੋਂ ਹੁੰਦੀ ਸੀ ਹਥਿਆਰ ਤੇ ਨਸ਼ੇ ਦੀ ਸਪਲਾਈ ਸੁਕ੍ਰਾਂਤ, ਜਾਗਰਣ, ਜਲੰਧਰ : ਆਈਐੱਸਆਈ ਲਈ ਜਾਸੂਸੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਸੁੱਖਾ ਦੇ ਸੰਪਰਕ ਸਿਰਫ ਜਲੰਧਰ ਤੱਕ ਸੀਮਤ ਨਹੀਂ ਸਨ, ਬਲਕਿ ਉਸ ਦੇ ਤਾਰ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿਚ ਸਰਗਰਮ ਤਸਕਰਾਂ ਨਾਲ ਵੀ ਜੁੜੇ ਹੋਏ ਸਨ। ਇਸ ਮਾਮਲੇ ਵਿਚ ਪੁਲਿਸ ਨੇ ਅਧਿਕਾਰਿਕ ਪੁਸ਼ਟੀ ਤਾਂ ਨਹੀਂ ਕੀਤੀ ਪਰ ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਸੰਪਰਕਾਂ ਰਾਹੀਂ ਪਾਕਿਸਤਾਨ ਦੀ ਸਰਹੱਦ ਪਾਰ ਤੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਦਾ ਨੈੱਟਵਰਕ ਚੱਲਾਇਆ ਜਾ ਰਿਹਾ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੁੱਖਾ ਸਿੱਧਾ ਤੌਰ ਤੇ ਉਨ੍ਹਾਂ ਨਾਲ ਕੰਮ ਕਰ ਰਿਹਾ ਸੀ ਜਾਂ ਉਨ੍ਹਾਂ ਦੇ ਲੋਕਾਂ ਲਈ ਕੰਮ ਕਰ ਰਿਹਾ ਸੀ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਜਾਂਚ ਦੌਰਾਨ ਪਾਇਆ ਕਿ ਸੁੱਖਾ ਲਗਾਤਾਰ ਉਨ੍ਹਾਂ ਲੋਕਾਂ ਦੇ ਸੰਪਰਕ ਵਿਚ ਸੀ, ਜੋ ਸਰਹੱਦ ਪਾਰ ਤੋਂ ਡਰੱਗਸ ਤੇ ਹਥਿਆਰਾਂ ਦੀ ਖੇਪ ਮੰਗਵਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਨ ਵਿਚ ਸ਼ਾਮਲ ਸਨ। ਏਜੰਸੀਆਂ ਨੂੰ ਸ਼ੱਕ ਹੈ ਕਿ ਜਾਸੂਸੀ ਗਤੀਵਿਧੀਆਂ ਦੇ ਨਾਲ-ਨਾਲ ਇਹ ਨੈੱਟਵਰਕ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਸੀ, ਕਿਉਂਕਿ ਹਥਿਆਰਾਂ ਦੀ ਸਪਲਾਈ ਆਤੰਕੀ ਗਤੀਵਿਧੀਆਂ ’ਚ ਵਰਤੀ ਜਾ ਸਕਦੀ ਹੈ। ਤਸਕਰੀ ਤੇ ਜਾਸੂਸੀ ਦਾ ਖਤਰਨਾਕ ਗਠਜੋੜ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਜਾਸੂਸੀ ਤੇ ਤਸਕਰੀ ਦਾ ਖਤਰਨਾਕ ਗਠਜੋੜ ਸਾਹਮਣੇ ਆਇਆ ਹੈ। ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜਿਹੇ ਸੀਮਾਵਾਰ ਜ਼ਿਲ੍ਹਿਆਂ ’ਚ ਸਰਗਰਮ ਤਸਕਰਾਂ ਰਾਹੀਂ ਪਾਕਿਸਤਾਨ ਤੋਂ ਡਰੱਗਸ ਤੇ ਹਥਿਆਰ ਮੰਗਵਾਏ ਜਾਂਦੇ ਸਨ। ਇਹ ਸਾਮਾਨ ਅੱਗੇ ਪੰਜਾਬ ਅਤੇ ਹੋਰ ਰਾਜਾਂ ਵਿਚ ਸਪਲਾਈ ਕੀਤਾ ਜਾਂਦਾ ਸੀ। ਸੁੱਖਾ ਇਸ ਪੂਰੇ ਨੈੱਟਵਰਕ ਵਿਚ ਇਕ ਮਹੱਤਵਪੂਰਨ ਕੜੀ ਵਜੋਂ ਕੰਮ ਕਰ ਰਿਹਾ ਸੀ। ਕਈ ਪੁਰਾਣੇ ਮਾਮਲਿਆਂ ਨੂੰ ਲੈ ਕੇ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਦੀਆਂ ਕੜੀਆਂ ਆਪਸ ਵਿਚ ਜੋੜੀਆਂ ਜਾ ਸਕਣ। ਏਜੰਸੀਆਂ ਨੂੰ ਇਹ ਵੀ ਸ਼ੱਕ ਹੈ ਕਿ ਇਸ ਨੈੱਟਵਰਕ ਦਾ ਇਸਤੇਮਾਲ ਸਿਰਫ ਪੈਸੇ ਲਈ ਹੀ ਨਹੀਂ, ਬਲਕਿ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਬੜਾਵਾ ਦੇਣ ਲਈ ਵੀ ਕੀਤਾ ਜਾ ਸਕਦਾ ਸੀ। ਕਈ ਜ਼ਿਲ੍ਹਿਆਂ ਤੇ ਰਾਜਾਂ ਤੱਕ ਫ਼ੈਲੇ ਤਾਰ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਨੈੱਟਵਰਕ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ। ਇਸ ਦੇ ਤਾਰ ਹੋਰ ਰਾਜਾਂ ਤੱਕ ਵੀ ਫੈਲੇ ਹੋ ਸਕਦੇ ਹਨ। ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਹੁਣ ਉਨ੍ਹਾਂ ਸਾਰੇ ਲੋਕਾਂ ਦੀ ਪਛਾਣ ਕਰਨ ਵਿਚ ਜੁਟੀਆਂ ਹੋਈਆਂ ਹਨ, ਜੋ ਕਿਸੇ ਨਾ ਕਿਸੇ ਰੂਪ ਵਿਚ ਇਸ ਨੈੱਟਵਰਕ ਨਾਲ ਜੁੜੇ ਹੋ ਸਕਦੇ ਹਨ। ਸੰਦੇਹੀ ਲੋਕਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ। ਕਾਊਂਟਰ ਇੰਟੈਲੀਜੈਂਸ ਨੇ ਇਸ ਪੂਰੇ ਨੈੱਟਵਰਕ ਨੂੰ ਤੋੜਨ ਲਈ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਸੁੱਖਾ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਦੱਸੇ ਗਏ ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਹਨ। ਡਿਜੀਟਲ ਸਬੂਤਾਂ ਦੇ ਆਧਾਰ ਤੇ ਹੋਰ ਸੰਦੇਹੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲਾ ਕੀ ਸੀ? ਇਹ ਪੂਰਾ ਮਾਮਲਾ ਤਦ ਸਾਹਮਣੇ ਆਇਆ ਜਦੋਂ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਮਿਲੀ ਕਿ ਜਲੰਧਰ ਦਾ ਰਹਿਣ ਵਾਲਾ ਸੁੱਖਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ਵਿਚ ਹੈ ਤੇ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਹੈ। ਜਾਂਚ ਦੌਰਾਨ ਸੁੱਖਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ ਬਾਅਦ ਪੁੱਛਤਾਛ ਵਿਚ ਕਈ ਚੀਜ਼ਾਂ ਸਾਹਮਣੇ ਆਈਆਂ। ਸੁੱਖਾ ਦੇ ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨਾਂ ਦੀ ਜਾਂਚ ਵਿਚ ਸੰਦੇਹੀ ਚੈਟ, ਕਾਲ ਰਿਕਾਰਡ ਅਤੇ ਲੇਨ-ਦੇਨ ਦੇ ਸਬੂਤ ਮਿਲੇ। ਪੁੱਛਗਿੱਛ ਵਿਚ ਇਹ ਵੀ ਸਾਹਮਣੇ ਆਇਆ ਕਿ ਸੁੱਖਾ ਸਿਰਫ ਜਾਣਕਾਰੀ ਸਾਂਝਾ ਕਰਨ ਤੱਕ ਸੀਮਿਤ ਨਹੀਂ ਸੀ, ਬਲਕਿ ਉਹ ਤਸਕਰੀ ਦੇ ਨੈੱਟਵਰਕ ਲਈ ਇਕ ਕੜੀ ਵਜੋਂ ਕੰਮ ਕਰ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਸੁੱਖਾ ਤਸਕਰਾਂ ਤੇ ਆਈਐੱਸਆਈ ਏਜੰਟਾਂ ਦੇ ਵਿਚਕਾਰ ਸੰਪਰਕ ਸਥਾਪਿਤ ਕਰਨ, ਜਾਣਕਾਰੀ ਪਹੁੰਚਾਉਣ ਤੇ ਲਾਜਿਸਟਿਕ ਸਹਾਇਤਾ ਦੇਣ ਵਿਚ ਸ਼ਾਮਲ ਸੀ, ਜਿਸ ਬਾਰੇ ਹੁਣ ਸੀਆਈ ਪਤਾ ਲਗਾ ਰਹੀ ਹੈ।