120 ਫੁੱਟੀ ਰੋਡ ’ਤੇ ਵੈਸ਼ਨੋ ਢਾਬੇ ’ਚ ਲੱਗੀ ਅੱਗ, ਸਾਮਾਨ ਸੜ ਕੇ ਸੁਆਹ
ਜਾ.ਸ., ਜਲੰਧਰ : ਜਲੰਧਰ
Publish Date: Mon, 27 Apr 2026 07:26 PM (IST)
Updated Date: Mon, 27 Apr 2026 07:28 PM (IST)
ਜਾ.ਸ., ਜਲੰਧਰ : ਜਲੰਧਰ ਦੇ 120 ਫੁੱਟੀ ਰੋਡ ’ਤੇ ਸਥਿਤ ‘ਖਾਣਾ ਖਜ਼ਾਨਾ ਵੈਸ਼ਨੋ ਢਾਬਾ’ ਵਿਚ ਸੋਮਵਾਰ ਸਵੇਰੇ ਤੜਕੇ ਅਚਾਨਕ ਅੱਗ ਲੱਗਣ ਕਾਰਨ ਤਰਥੱਲੀ ਮਚ ਗਈ। ਜਾਣਕਾਰੀ ਮੁਤਾਬਿਕ ਅੱਗ ਸਵੇਰੇ ਦੇ ਸਮੇਂ ਲੱਗੀ, ਜਦੋਂ ਢਾਬਾ ਬੰਦ ਸੀ, ਜਿਸ ਕਾਰਨ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੇ ਢਾਬੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਅਤੇ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਅੱਗ ਬੁਝਾਉਣ ਵਾਲੇ ਵਿਭਾਗ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਲੋਕਾਂ ਨੇ ਵੀ ਅੱਗ ਬੁਝਾਉਣ ਵਿਚ ਸਹਾਇਤਾ ਕੀਤੀ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਬੁਝਾਉਣ ਵਾਲੇ ਵਿਭਾਗ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਕਾਰਨ ਢਾਬਾ ਮਾਲਕ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਅੱਗ ਕਾਰਨ ਢਾਬੇ ਦਾ ਢਾਂਚਾ ਅਤੇ ਅੰਦਰ ਰੱਖਿਆ ਫਰਨੀਚਰ, ਰਸੋਈ ਦਾ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਫਿਲਹਾਲ ਅਧਿਕਾਰੀ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਲਾਉਣ ’ਚ ਲੱਗੇ ਹੋਏ ਹਨ।