ਗੜ੍ਹੇ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 19 Apr 2026 11:13 PM (IST)
Updated Date: Mon, 20 Apr 2026 04:13 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਗੜ੍ਹਾ ’ਚ ਰਹਿਣ ਵਾਲੇ ਕਰਨ ਨਾਮਕ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਉਸਦੇ ਪਰਿਵਾਰ ਨੇ ਪੁਲਿਸ ਤੇ ਗੰਭੀਰ ਦੋਸ਼ ਲਗਾਏ ਹਨ ਕਿ ਕਰਨ 15 ਤਰੀਕ ਨੂੰ ਅਚਾਨਕ ਗਾਇਬ ਹੋ ਗਿਆ ਸੀ। ਕਾਫੀ ਤਲਾਸ਼ ਦੇ ਬਾਵਜੂਦ ਉਸਦਾ ਕੋਈ ਸੁਰਾਗ ਨਹੀਂ ਮਿਲਿਆ। 17 ਤਰੀਕ ਨੂੰ ਉਹ ਘਰ ਵਾਪਸ ਆਇਆ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਉਸਨੂੰ ਸਪੈਸ਼ਲ ਸਟਾਫ ਦੀ ਟੀਮ ਆਪਣੇ ਨਾਲ ਲੈ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਸ਼ਨੀਵਾਰ ਰਾਤ ਜਦੋਂ ਕਰਨ ਦਵਾਈ ਲੈਣ ਲਈ ਘਰ ਤੋਂ ਨਿਕਲਿਆ, ਤਾਂ ਉਹ ਡਿਗ ਪਿਆ ਤੇ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੀ ਮੌਤ ਪੁਲਿਸ ਦੀ ਕੁੱਟਮਾਰ ਕਾਰਨ ਹੋਈ ਹੈ। ਥਾਣਾ ਨੰਬਰ-7 ਦੇ ਮੁਖੀ ਰਮੇਸ਼ ਕੁਮਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਗਈ। ਕਰਨ ਦੇ ਖ਼ਿਲਾਫ਼ ਥਾਣਾ ਨੰਬਰ ਇਕ ’ਚ ਮਾਮਲਾ ਦਰਜ ਸੀ ਤੇ ਉਸਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।