ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋ ਨੌਜਵਾਨ ਗ੍ਰਿਫ਼ਤਾਰ
ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਦੋ ਨੌਜਵਾਨ ਗ੍ਰਿਫ਼ਤਾਰ
Publish Date: Mon, 16 Mar 2026 03:50 PM (IST)
Updated Date: Tue, 17 Mar 2026 04:01 AM (IST)

ਸਟਾਫ ਰਿਪੋਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਨਸ਼ੇ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਵੱਖ–ਵੱਖ ਥਾਣਿਆਂ ਦੇ ਇਲਾਕਿਆਂ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਹਾਂ ਦੇ ਖ਼ਿਲਾਫ਼ ਨਸ਼ੀਲੇ ਪਦਾਰਥਾਂ ਸਬੰਧੀ ਐਨ.ਡੀ.ਪੀ.ਐਸ. ਐਕਟ ਦੀਆਂ ਸੰਬੰਧਤ ਧਾਰਾਵਾਂ ਹੇਠ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਦਸੂਹਾ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਮੀਰਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਏ.ਐਸ.ਆਈ. ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੀ ਹੋਈ ਦਸੂਹਾ ਤੋਂ ਗਰਨਾ ਸਾਹਿਬ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਨਿਹਾਲਪੁਰ ਬੱਸ ਸਟੈਂਡ ‘ਤੇ ਪੁੱਜੀ ਤਾਂ ਉੱਥੇ ਇੱਕ ਨੌਜਵਾਨ ਕਿਸੇ ਚੀਜ਼ ਦੇ ਹੇਠਾਂ ਲਾਈਟਰ ਜਲਾ ਕੇ ਧੂੰਆਂ ਕਥਿਤ ਤੌਰ ‘ਤੇ ਮੂੰਹ ਅੰਦਰ ਖਿੱਚਦਾ ਹੋਇਆ ਦਿਖਾਈ ਦਿੱਤਾ। ਪੁਲਿਸ ਨੂੰ ਵੇਖ ਕੇ ਉਸ ਨੇ ਆਪਣੇ ਹੱਥ ਵਿੱਚ ਫੜਿਆ ਸਮਾਨ ਥੱਲੇ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਦੇ ਅਨੁਸਾਰ ਜਾਂਚ ਦੌਰਾਨ ਮੌਕੇ ਤੋਂ ਇੱਕ ਸਿਲਵਰ ਪੇਪਰ ਦੀ ਬਣੀ ਪੰਨੀ, ਇੱਕ ਲਾਈਟਰ ਅਤੇ ਪਾਈਪ ਨੁਮਾ ਬਣਾਇਆ ਹੋਇਆ 10 ਰੁਪਏ ਦਾ ਨੋਟ ਬਰਾਮਦ ਹੋਇਆ। ਇਸੇ ਤਰ੍ਹਾਂ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ ਦੀ ਪੁਲਿਸ ਨੇ ਹਨੀਸ਼ ਉਰਫ ਗੋਦਾ ਪੁੱਤਰ ਪ੍ਰੇਮ ਚੰਦ ਵਾਸੀ ਨਿਊ ਸ਼ਾਸਤਰੀ ਨਗਰ, ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਏ.ਐਸ.ਆਈ. ਅਜਮੇਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ। ਜਦੋਂ ਪੁਲਿਸ ਪਾਰਟੀ ਵਣ ਵਿਭਾਗ ਦੇ ਦਫ਼ਤਰ ਬਸੀ ਜਾਨਾਂ ਦੇ ਪਿੱਛੇ ਕੱਚੇ ਰਸਤੇ ਰਾਹੀਂ ਪਿੰਡ ਹਰਦੋਖਾਨਪੁਰ ਵੱਲ ਜਾ ਰਹੀ ਸੀ ਤਾਂ ਰਸਤੇ ਦੇ ਕਿਨਾਰੇ ਝਾੜੀਆਂ ਦੇ ਪਿੱਛੇ ਇੱਕ ਨੌਜਵਾਨ ਸਿਲਵਰ ਵਰਕ ਦੀ ਪੰਨੀ ਹੇਠਾਂ ਲਾਈਟਰ ਨਾਲ ਅੱਗ ਲਗਾ ਕੇ ਕਥਿਤ ਤੌਰ ‘ਤੇ ਉਸ ਦਾ ਧੂੰਆਂ ਨੱਕ ਰਾਹੀਂ ਅੰਦਰ ਖਿੱਚਦਾ ਹੋਇਆ ਦਿਖਾਈ ਦਿੱਤਾ। ਪੁਲਿਸ ਨੂੰ ਦੇਖ ਕੇ ਉਹ ਘਬਰਾ ਗਿਆ ਅਤੇ ਆਪਣੀ ਨਸ਼ੇ ਨਾਲ ਸੰਬੰਧਿਤ ਸਮੱਗਰੀ ਸੁੱਟ ਕੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਿਹਾ ਕਿ ਦੋਹਾਂ ਮਾਮਲਿਆਂ ਵਿੱਚ ਮੁਕੱਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।