ਕ੍ਰਿਕੇਟਰ ਈਸ਼ਾਨ ਕਿਸ਼ਨ ਐੱਲਪੀਯੂ ’ਚ ਛੇਤੀ ਹੀ ਲੈਣਗੇ ਦਾਖ਼ਲਾ
ਕ੍ਰਿਕੇਟਰ ਈਸ਼ਾਨ ਕਿਸ਼ਨ ਐੱਲਪੀਯੂ ’ਚ ਜਲਦੀ ਹੀ ਪੜ੍ਹਾਈ ਲਈ ਲੈਣਗੇ ਦਾਖਲਾ
Publish Date: Fri, 01 May 2026 10:36 PM (IST)
Updated Date: Fri, 01 May 2026 10:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਕ੍ਰਿਕੇਟਰ ਈਸ਼ਾਨ ਕਿਸ਼ਨ ਜਲਦੀ ਹੀ ਐੱਲਪੀਯੂ ’ਚ ਮੁੜ ਨਜ਼ਰ ਆਉਣਗੇ। ਇਸ ਵਾਰ ਉਹ ਯੂਨੀਵਰਸਿਟੀ ਦੌਰੇ 'ਤੇ ਨਹੀਂ ਤੇ ਨਾ ਹੀ ਐਂਬੈਸਡਰ ਵਜੋਂ ਆਉਣਗੇ, ਸਗੋਂ ਉਹ ਆਮ ਵਿਦਿਆਰਥੀ ਵਾਂਗ ਆਪਣੀ ਅੱਗੇ ਦੀ ਵਿੱਦਿਅਕ ਯੋਗਤਾ ਵਧਾਉਣ ਲਈ ਦਾਖਲਾ ਲੈਣਗੇ। ਦੱਸਿਆ ਜਾਂਦਾ ਹੈ ਕਿ ਈਸ਼ਾਨ ਨੇ ਪਟਨਾ ਦੇ ਕਾਲਜ ਆਫ ਕਾਮਰਸ ਤੋਂ ਬੀਕਾਮ ਕੀਤਾ ਹੋਇਆ ਹੈ। ਮੌਜੂਦਾ ਸਮੇਂ ਵਿੱਚ ਉਹ ਆਈਪੀਐੱਲ ’ਚ ਰੁੱਝੇ ਹਨ ਤੇ ਸੰਭਾਵਨਾ ਹੈ ਕਿ ਉਸ ਤੋਂ ਬਾਅਦ ਇਹ ਪ੍ਰਕਿਰਿਆ ਪੂਰੀ ਹੋ ਜਾਵੇਗੀ। ਦੱਸਣਯੋਗ ਹੈ ਕਿ ਐੱਲਪੀਯੂ ਵਿੱਚ ਹਾਲ ਹੀ ਵਿੱਚ ਈਸ਼ਾਨ ਕਿਸ਼ਨ ਨੂੰ ਘੁੰਮਣ ਲਈ ਸੱਦਾ ਦਿੱਤਾ ਗਿਆ ਸੀ। ਉਸ ਦੌਰਾਨ ਹੀ ਈਸ਼ਾਨ ਨੇ ਯੂਨੀਵਰਸਿਟੀ ’ਚ ਦਾਖਲਾ ਲੈਣ ਦੀ ਇੱਛਾ ਜ਼ਾਹਿਰ ਕੀਤੀ। ਕਿਸ਼ਨ ਨੇ ਕੈਂਪਸ ਦੇ ਹਰ ਕੋਨੇ ਨੂੰ ਵੇਖਿਆ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਅਤੇ ਡਿਪਲੋਮਾ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਕਾਰੋਬਾਰੀ ਕੰਪਲੈਕਸ, ਫੂਡ ਕੋਰਟ, ਰਿਟੇਲ ਸਟੋਰ ਤੇ ਮਨੋਰੰਜਨ ਜ਼ੋਨ ਆਦਿ ਨੂੰ ਵੀ ਵੇਖਿਆ। ਉਹ ਕਹਿੰਦੇ ਹਨ ਕਿ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਹੋਟਲ ਦੇ ਕਮਰਿਆਂ ਅਤੇ ਕ੍ਰਿਕਟ ਸਟੇਡੀਅਮਾਂ ਵਿਚ ਬਿਤਾਇਆ ਹੈ ਪਰ ਯੂਨੀਵਰਸਿਟੀ ਆ ਕੇ ਇਕ ਵੱਖਰਾ ਹੀ ਤਜਰਬਾ ਹੋਇਆ।