ਸਮਾਜ ਦਾ ਬਦਲ ਸਿਰਜਣਾ ਲੇਖਕ ਦਾ ਕੰਮ ਨਹੀਂ : ਡਾ. ਸਿਰਸਾ
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਵਰਤਮਾਨ ਸਮਿਆਂ ’ਚ ਭਵਿੱਖੀ ਚੁਣੌਤੀਆਂ ਤੇ ਲੇਖਕ ਦੀ ਭੂਮਿਕਾ’ ਵਿਸ਼ੇ ’ਤੇ ਸਮਾਗਮ
Publish Date: Mon, 18 May 2026 07:41 PM (IST)
Updated Date: Mon, 18 May 2026 07:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਗਤੀਸ਼ੀਲ ਲੇਖਕ ਸੰਘ (ਜਲੰਧਰ ਇਕਾਈ) ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿਖੇ ‘ਵਰਤਮਾਨ ਸਮਿਆਂ ’ਚ ਭਵਿੱਖੀ ਚੁਣੌਤੀਆਂ ਅਤੇ ਲੇਖਕ ਦੀ ਭੂਮਿਕਾ’ ਵਿਸ਼ੇ ’ਤੇ ਵਿਚਾਰ ਗੋਸ਼ਠੀ ਕਰਵਾਈ ਗਈ। ਇਸ ਮੌਕੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਮੁੱਖ ਭਾਸ਼ਣ ਦਿੱਤਾ। ਸਮਾਗਮ ਦੀ ਪ੍ਰਧਾਨਗੀ ਡਾ. ਕੁਲਦੀਪ ਸਿੰਘ ਦੀਪ, ਬਲਦੇਵ ਸਿੰਘ ਬੱਲੀ, ਪ੍ਰਿੰਸੀਪਲ ਜਸਪਾਲ ਸਿੰਘ ਰੰਧਾਵਾ, ਪ੍ਰੋ. ਸੁਰਜੀਤ ਜੱਜ ਅਤੇ ਗੁਰਮੀਤ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸੰਘ ਦੇ ਪ੍ਰਧਾਨ ਡਾ. ਜਸਪਾਲ ਰੰਧਾਵਾ ਨੇ ਕਿਹਾ ਕਿ ਦੇਸ਼ ਦਾ ਅਰਥਚਾਰਾ ਲਗਾਤਾਰ ਨਿਘਾਰ ਵੱਲ ਵੱਧ ਰਿਹਾ ਹੈ ਅਤੇ ਰਾਜਨੀਤਿਕ ਪਾਰਟੀਆਂ ਸਮਕਾਲੀ ਮੁੱਦਿਆਂ ਤੋਂ ਦੂਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਬੁੱਧੀਜੀਵੀਆਂ ਅਤੇ ਲੇਖਕਾਂ ਨੂੰ ਗੰਭੀਰ ਚਿੰਤਨ ਕਰਨ ਦੀ ਲੋੜ ਹੈ।
ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅੱਜ ਦੇ ਸਮੇਂ ਵਿੱਚ ‘ਰਾਸ਼ਟਰਵਾਦ’, ‘ਸਵਦੇਸੀ’ ਅਤੇ ‘ਭਾਰਤ ਵਿਸ਼ਵ ਗੁਰੂ’ ਵਰਗੀਆਂ ਧਾਰਨਾਵਾਂ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਖ-ਵੱਖ ਵਰਗਾਂ ਅਤੇ ਜਾਤੀਆਂ ਵਿਚਕਾਰ ਅਸਮਾਨਤਾਵਾਂ ਵਧ ਰਹੀਆਂ ਹਨ ਅਤੇ ਭਿੰਨਤਾਵਾਂ ਨੂੰ ਖਤਮ ਕਰਕੇ ਇਕ-ਰੰਗਾ ਰਾਸ਼ਟਰਵਾਦ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੇਖਕ ਦਾ ਕੰਮ ਸਮਾਜਿਕ ਹਾਲਾਤਾਂ ਦਾ ਅਹਿਸਾਸ ਕਰਵਾਉਣਾ ਹੈ, ਨਾ ਕਿ ਸਮਾਜ ਦਾ ਬਦਲ ਸਿਰਜਣਾ। ਸਮਾਗਮ ਦੌਰਾਨ ਡਾ. ਕੁਲਦੀਪ ਸਿੰਘ ਦੀਪ, ਸਤਨਾਮ ਚਾਨਾ, ਡਾ. ਸ਼ੈਲਸ਼, ਤਸਕੀਨ, ਹਰਵਿੰਦਰ ਭੰਡਾਲ ਅਤੇ ਹੋਰ ਵਿਦਵਾਨਾਂ ਨੇ ਸਮਕਾਲੀ ਸਮਾਜਿਕ ਅਤੇ ਰਾਜਨੀਤਿਕ ਹਾਲਾਤ ’ਤੇ ਵਿਚਾਰ ਸਾਂਝੇ ਕੀਤੇ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਸਮਾਜਿਕ ਅਤੇ ਰਾਜਸੀ ਮਸਲਿਆਂ ’ਤੇ ਨਿਡਰਤਾ ਨਾਲ ਆਪਣੀ ਆਵਾਜ਼ ਉਠਾਉਂਦਾ ਰਹੇਗਾ। ਅੰਤ ’ਚ ਜਲੰਧਰ ਇਕਾਈ ਦੇ ਜਨਰਲ ਸਕੱਤਰ ਭਗਵੰਤ ਰਸੂਲਪੁਰੀ ਨੇ ਸਾਰੇ ਲੇਖਕਾਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।