ਨਸ਼ਾ ਤਸਕਰਾਂ ’ਤੇ ਸ਼ਿਕੰਜਾ: ਹੁਸ਼ਿਆਰਪੁਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 5 ਤਸਕਰ ਕੀਤੇ ਕਾਬੂ, ਵੱਡੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਬਰਾਮਦ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।
Publish Date: Tue, 05 May 2026 01:01 PM (IST)
Updated Date: Tue, 05 May 2026 01:04 PM (IST)
ਪੰਜਾਬੀ ਜਾਗਰਣ ਰਿਪੋਰਟਰ, ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ 5 ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਨਸ਼ਾ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ।
ਕੂੜੇ ਦੇ ਡੰਪ ਕੋਲੋਂ 148 ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਕਾਬੂ
ਪੁਲਿਸ ਨੇ ਦੱਸਿਆ ਕਿ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁੱਖ ਸਿਪਾਹੀ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੱਪਲਾਵਾਲਾ ਰੋਡ ’ਤੇ ਗਸ਼ਤ ਕਰ ਰਹੀ ਸੀ। ਜਦੋਂ ਟੀਮ ਕੂੜੇ ਦੇ ਡੰਪ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਨੌਜਵਾਨ ਪੁਲਿਸ ਦੀ ਗੱਡੀ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਨੂੰ ਭੱਜਣ ਲੱਗਾ।
ਸ਼ੱਕ ਦੇ ਅਧਾਰ ’ਤੇ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਸੰਪਤ ਬੜਭਗਾ (ਵਾਸੀ ਸਥਾਨਕ ਨਿਊ ਫਤਿਹਗੜ੍ਹ) ਵਜੋਂ ਹੋਈ। ਤਲਾਸ਼ੀ ਦੌਰਾਨ ਉਸ ਦੀ ਜੀਨ ਦੀ ਜੇਬ ਵਿੱਚੋਂ ਇੱਕ ਕਾਲੇ ਰੰਗ ਦੇ ਲਿਫਾਫੇ ’ਚੋਂ ਕਥਿਤ ਤੌਰ ’ਤੇ 148 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਚੱਬੇਵਾਲ: ਪੁਲਿਸ ਨੂੰ ਦੇਖ ਕੇ ਖਿਸਕ ਰਹੇ ਨੌਜਵਾਨ ਕੋਲੋਂ 40 ਗੋਲੀਆਂ ਬਰਾਮਦ
ਇੱਕ ਹੋਰ ਕਾਰਵਾਈ ਵਿੱਚ ਪਿੰਡ ਖੰਨੀ ਦੇ ਇਲਾਕੇ ਵਿੱਚ ਚੱਬੇਵਾਲ ਥਾਣੇ ਦੇ ਏ.ਐੱਸ.ਆਈ. ਮੰਨਾ ਸਿੰਘ ਦੀ ਟੀਮ ਨੇ ਚੈਕਿੰਗ ਦੌਰਾਨ ਸੰਜੇ ਯਾਦਵ ਵਾਸੀ ਪਿੰਡ ਜੇਜੋਂ ਨੂੰ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਨੇ ਰਸਤਾ ਬਦਲ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦ ਕਰਮਚਾਰੀਆਂ ਨੇ ਉਸ ਨੂੰ ਦਬੋਚ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਕਥਿਤ ਤੌਰ ’ਤੇ 40 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਸੰਨੀ ਭੱਟ ਪਿੰਡ ਜੇਜੋਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਕਾਰ ਪਾਰਕਿੰਗ ਦੇ ਪਿੱਛੇ ਨਸ਼ਾ ਕਰਦਾ ਨੌਜਵਾਨ ਰੰਗੇ ਹੱਥੀਂ ਫੜਿਆ
ਸ਼ਹਿਰੀ ਇਲਾਕੇ ਵਿੱਚ ਨਸ਼ੇੜੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਸਿਟੀ ਪੁਲਿਸ ਦੇ ਏ.ਐੱਸ.ਆਈ. ਨਾਨਕ ਸਿੰਘ ਦੀ ਟੀਮ ਨੇ ਸਥਾਨਕ ਰਿਸ਼ੀ ਨਗਰ ਦੇ ਰਹਿਣ ਵਾਲੇ ਅਮਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਜਦੋਂ ਪੁਲਿਸ ਪਾਰਟੀ ਕਾਰ ਪਾਰਕਿੰਗ ਦੇ ਪਿਛਲੇ ਪਾਸੇ ਲੇਬਰ ਸ਼ੈੱਡ ਨੇੜੇ ਪਹੁੰਚੀ ਤਾਂ ਉੱਥੇ ਅਮਿਤ ਕੁਮਾਰ ਬੈਠਾ ਕਥਿਤ ਤੌਰ ’ਤੇ ਨਸ਼ੇ ਦਾ ਸੇਵਨ ਕਰ ਰਿਹਾ ਸੀ। ਮੌਕੇ ਤੋਂ ਪੁਲਿਸ ਨੇ ਇੱਕ ਲਾਈਟਰ, ਨਸ਼ੀਲੇ ਪਦਾਰਥ ਨਾਲ ਲਿਬੜੀ ਹੋਈ ਪੰਨੀ ਅਤੇ ਰੋਲ ਕੀਤਾ ਹੋਇਆ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ।
ਮੁਖ਼ਬਰ ਦੀ ਸੂਚਨਾ ’ਤੇ ਦੋ ਨੌਜਵਾਨ ਕਾਬੂ, ਡੋਪ ਟੈਸਟ ਨਿਕਲਿਆ ਪੌਜ਼ਟਿਵ
ਥਾਣਾ ਮੇਹਟੀਆਣਾ ਦੀ ਪੁਲਿਸ ਨੇ ਮੁਖ਼ਬਰ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਹੈ। ਏ.ਐੱਸ.ਆਈ. ਕੁਲਵਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਲਵੀਰ ਸਿੰਘ ਉਰਫ਼ ਵੀਰਾ (ਵਾਸੀ ਅਜੜਾਮ) ਅਤੇ ਚਰਨਜੀਤ ਸਿੰਘ (ਵਾਸੀ ਹਾਰਟਾ) ਨਸ਼ੇ ਦੇ ਆਦੀ ਹਨ ਅਤੇ ਇਸ ਵੇਲੇ ਅਜੜਾਮ ਰੋਡ ’ਤੇ ਨਸ਼ੇ ਦੀ ਲੋਰ ਵਿੱਚ ਘੁੰਮ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਦੋਵਾਂ ਨੂੰ ਕਾਬੂ ਕਰਕੇ ਜਦੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ, ਤਾਂ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਗਿਆ। ਕਥਿਤ ਤੌਰ ’ਤੇ ਟੈਸਟ ਦੀ ਰਿਪੋਰਟ 'ਪਾਜ਼ਿਟਿਵ' ਆਉਣ ਤੋਂ ਬਾਅਦ ਪੁਲਿਸ ਨੇ ਦੋਵਾਂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਦਿਆਂ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।