ਵਿਦਿਆਰਥੀਆਂ ਲਈ ਵੱਡੀ ਖ਼ਬਰ: ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ: 11ਵੀਂ ਜਮਾਤ ਲਈ ਕਾਉਂਸਲਿੰਗ 22 ਮਈ ਤੋਂ ਹੋਵੇਗੀ ਆਰੰਭ
ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2026-27 ਲਈ 11ਵੀਂ ਜਮਾਤ ਦੀਆਂ ਕੁੱਲ 4,600 ਸੀਟਾਂ 'ਤੇ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪਹਿਲਾ ਕਾਉਂਸਲਿੰਗ ਸੈਸ਼ਨ 22 ਮਈ, 29 ਮਈ, 1 ਜੂਨ ਅਤੇ 2 ਜੂਨ, 2026 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰਧਾਰਤ ਕੇਂਦਰਾਂ 'ਤੇ ਆਯੋਜਿਤ ਕੀਤਾ ਜਾਵੇਗਾ। ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ ਤਿਆਰ ਕੀਤੀ ਗਈ ਲਿੰਗ-ਵਾਰ ਮੈਰਿਟ ਸੂਚੀ ਦੇ ਮੁਤਾਬਕ ਹੀ ਵਿਦਿਆਰਥੀਆਂ ਨੂੰ ਕਾਉਂਸਲਿੰਗ ਲਈ ਸੱਦਿਆ ਗਿਆ ਹੈ।
Publish Date: Thu, 21 May 2026 01:42 PM (IST)
Updated Date: Thu, 21 May 2026 01:50 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2026-27 ਲਈ 11ਵੀਂ ਜਮਾਤ ਦੀਆਂ ਕੁੱਲ 4,600 ਸੀਟਾਂ 'ਤੇ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਸਬੰਧੀ ਪਹਿਲਾ ਕਾਉਂਸਲਿੰਗ ਸੈਸ਼ਨ 22 ਮਈ, 29 ਮਈ, 1 ਜੂਨ ਅਤੇ 2 ਜੂਨ, 2026 ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਰਧਾਰਤ ਕੇਂਦਰਾਂ 'ਤੇ ਆਯੋਜਿਤ ਕੀਤਾ ਜਾਵੇਗਾ। ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ ਤਿਆਰ ਕੀਤੀ ਗਈ ਲਿੰਗ-ਵਾਰ ਮੈਰਿਟ ਸੂਚੀ ਦੇ ਮੁਤਾਬਕ ਹੀ ਵਿਦਿਆਰਥੀਆਂ ਨੂੰ ਕਾਉਂਸਲਿੰਗ ਲਈ ਸੱਦਿਆ ਗਿਆ ਹੈ।
22 ਮਈ, 2026 (ਸ਼ੁੱਕਰਵਾਰ): ਕੁੜੀਆਂ (ਸੀਰੀਅਲ ਨੰਬਰ 1 ਤੋਂ 954) ਅਤੇ ਮੁੰਡੇ (ਸੀਰੀਅਲ ਨੰਬਰ 1 ਤੋਂ 329)।
29 ਮਈ, 2026 (ਸ਼ੁੱਕਰਵਾਰ): ਕੁੜੀਆਂ (ਸੀਰੀਅਲ ਨੰਬਰ 955 ਤੋਂ 2129) ਅਤੇ ਮੁੰਡੇ (ਸੀਰੀਅਲ ਨੰਬਰ 330 ਤੋਂ 1282)।
1 ਜੂਨ, 2026 (ਸੋਮਵਾਰ): ਕੁੜੀਆਂ (ਸੀਰੀਅਲ ਨੰਬਰ 2130 ਤੋਂ 3305) ਅਤੇ ਮੁੰਡੇ (ਸੀਰੀਅਲ ਨੰਬਰ 1283 ਤੋਂ 2235)।
2 ਜੂਨ, 2026 (ਮੰਗਲਵਾਰ): ਕੁੜੀਆਂ (ਸੀਰੀਅਲ ਨੰਬਰ 3306 ਤੋਂ 4479) ਅਤੇ ਮੁੰਡੇ (ਸੀਰੀਅਲ ਨੰਬਰ 2236 ਤੋਂ 3188)।
ਲੋੜੀਂਦੇ ਮਾਪਦੰਡ, ਯੋਗਤਾ ਅਤੇ ਜ਼ਰੂਰੀ ਨਿਯਮ
ਦਸਵੀਂ ਜਮਾਤ ਦੇ ਅੰਕ: ਐੱਸਸੀ/ਐੱਸਟੀ ਸ਼੍ਰੇਣੀ ਨਾਲ ਸਬੰਧਤ ਵਿਦਿਆਰਥੀਆਂ ਦੇ ਦਸਵੀਂ ਜਮਾਤ ਵਿੱਚ ਘੱਟੋ-ਘੱਟ 65% ਅੰਕ ਅਤੇ ਹੋਰ ਸਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਘੱਟੋ-ਘੱਟ 70% ਅੰਕ ਹੋਣੇ ਲਾਜ਼ਮੀ ਹਨ। ਇਸ ਤੋਂ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਦੇ ਦਾਖਲੇ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਜ਼ਰੂਰੀ ਦਸਤਾਵੇਜ਼
ਉਮੀਦਵਾਰਾਂ ਨੂੰ ਆਪਣੀ ਸਬੰਧਤ ਸ਼੍ਰੇਣੀ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋਕਾਪੀਆਂ ਨਾਲ ਲਿਆਉਣੀਆਂ ਹੋਣਗੀਆਂ। ਡਿਜੀਲਾਕਰ ਤੋਂ ਡਾਊਨਲੋਡ ਕੀਤਾ ਗਿਆ ਦਸਵੀਂ ਦਾ ਸਰਟੀਫਿਕੇਟ ਤਾਂ ਹੀ ਵੈਧ ਮੰਨਿਆ ਜਾਵੇਗਾ ਜੇਕਰ ਉਸ ’ਤੇ ਸਕੂਲ ਪ੍ਰਿੰਸੀਪਲ ਦੇ ਦਸਤਖਤ ਅਤੇ ਮੋਹਰ ਲੱਗੀ ਹੋਵੇਗੀ।
ਸਿੱਧਾ ਦਾਖਲਾ
ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਪਹਿਲੀਆਂ 10 ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਬਿਨਾਂ ਕਿਸੇ ਕਾਉਂਸਲਿੰਗ ਦੇ ਕਿਸੇ ਵੀ ਮੈਰੀਟੋਰੀਅਸ ਸਕੂਲ ਵਿੱਚ ਸਿੱਧਾ ਦਾਖਲਾ ਲੈ ਸਕਦੇ ਹਨ।
ਸੀਟਾਂ ਦਾ ਰਾਖਵਾਂਕਰਨ
ਮੈਰੀਟੋਰੀਅਸ ਸਕੂਲ ਤਲਵਾੜਾ (ਜੋ ਕਿ ਸਿਰਫ਼ ਕੁੜੀਆਂ ਲਈ ਹੈ) ਨੂੰ ਛੱਡ ਕੇ, ਕੁੱਲ ਮਨਜ਼ੂਰ ਸੀਟਾਂ ਵਿੱਚੋਂ 60% ਕੁੜੀਆਂ ਲਈ ਅਤੇ 40% ਮੁੰਡਿਆਂ ਲਈ ਰਾਖਵੀਆਂ ਹਨ। ਇਸ ਤੋਂ ਇਲਾਵਾ ਆਟਾ-ਦਾਲ ਸਕੀਮ ਲਈ 10 ਫੀਸਦੀ, ਅਪਾਹਜ ਕੁੜੀਆਂ ਲਈ 10 ਫੀਸਦੀ, ਅਪਾਹਜ ਮੁੰਡਿਆਂ ਲਈ 5 ਫੀਸਦੀ ਅਤੇ ਔਰਤ ਮੁਖੀ ਪਰਿਵਾਰਾਂ ਲਈ 20 ਫੀਸਦੀ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ।
ਸੋਸਾਇਟੀ ਨੇ ਸਪੱਸ਼ਟ ਕੀਤਾ ਹੈ ਕਿ ਕਾਉਂਸਲਿੰਗ ਲਈ ਸੱਦਾ ਦਿੱਤੇ ਜਾਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਦਾਖਲਾ ਪੱਕਾ ਹੋ ਗਿਆ ਹੈ। ਸੀਟ ਅਲਾਟਮੈਂਟ ਹੋਣ ਤੋਂ ਬਾਅਦ, ਵਿਦਿਆਰਥੀਆਂ ਨੂੰ ਦੋ ਦਿਨਾਂ ਦੇ ਅੰਦਰ ਆਪਣੇ ਅਲਾਟ ਕੀਤੇ ਗਏ ਸਕੂਲ ਵਿੱਚ ਰਿਪੋਰਟ ਕਰਨੀ ਪਵੇਗੀ, ਨਹੀਂ ਤਾਂ ਉਨ੍ਹਾਂ ਦੀ ਸੀਟ ਖਾਲੀ ਮੰਨ ਕੇ ਰੱਦ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਦਾਅਵਾ ਖ਼ਤਮ ਹੋ ਜਾਵੇਗਾ। ਵਿਦਿਆਰਥੀ ਨਵੀਨਤਮ ਅਪਡੇਟਸ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ
www.ssapunjab.org ਦੀ ਲਗਾਤਾਰ ਜਾਂਚ ਕਰਦੇ ਰਹਿਣ।