ਨਿਗਮ ਯੂਨੀਅਨ ਦੀ ਹੜਤਾਲ ਖਤਮ, ਅੱਜ ਤੋਂ ਕੰਮ ਸ਼ੁਰੂ ਕਰਨਗੇ ਕਰਮਚਾਰੀ, ਬੰਟੂ ਸਭਰਵਾਲ

-ਤਹਿ-ਬਾਜ਼ਾਰੀ ਬ੍ਰਾਂਚ ਸਮੇਤ ਕੀਤੀਆਂ ਬਦਲੀਆਂ ਰੱਦ ਨਹੀਂ ਹੋਣਗੀਆਂ : ਮੇਅਰ
-ਰੋਸਟਰ ਸਿਸਟਮ ਲਾਗੂ ਨਾ ਕਰਨ ਲਈ ਸਰਕਾਰ ਨੂੰ ਭੇਜਿਆ ਜਾਏਗਾ ਮਤਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਯੂਨੀਅਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਸ਼ੁੱਕਰਵਾਰ ਤੀਜੇ ਦਿਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਅਤੇ ਸ਼ਨਿਚਰਵਾਰ ਤੋਂ ਕਰਮਚਾਰੀ ਕੰਮ ਸ਼ੁਰੂ ਕਰਨਗੇ। ਇਹ ਐਲਾਨ ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਨੇ ਕਰਦਿਆਂ ਕਿਹਾ ਕਿ ਸ਼ੁੱਕਰਵਾਰ ਨੂੰ ਨਿਗਮ ਕਮਿਸ਼ਨਰ ਦਫਤਰ ਅੱਗੇ ਦਿੱਤੇ ਧਰਨੇ ਦੌਰਾਨ ਉਨ੍ਹਾਂ ਦੀ ਨਿਗਮ ਪ੍ਰਸ਼ਾਸਨ ਨਾਲ ਮੀਟਿੰਗ ਹੋਈ। ਇਸ ਮੀਟਿੰਗ ’ਚ ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਤੇ ਯੂਨੀਅਨ ਵੱਲੋਂ ਉਹ ਖੁਦ, ਸੰਮੀ ਲੂਥਰ ਸਿਕੰਦਰ ਤੇ ਰਾਜਨ ਕਲਿਆਣ ਸਮੇਤ 5 ਮੈਂਬਰ ਸ਼ਾਮਲ ਸਨ। ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੁੱਖ ਮੰਗਾਂ ਨਵੀਂ ਭਰਤੀ ਲਈ ਰੋਸਟਰ ਸਿਸਟਮ ਖਤਮ ਕਰਨ ਸਬੰਧੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਣ ’ਤੇ ਸਹਿਮਤੀ ਤੇ 25 ਸੀਵਰਮੈਨਾਂ ਦੀ ਤਨਖਾਹ ਜਾਰੀ ਹੋਣਾ, ਸਬੰਧੀ ਮੰਗਾਂ ’ਤੇ ਸਹਿਮਤੀ ਹੋਣ ਮਗਰੋਂ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ’ਚ ਗੱਲਬਾਤ ਬਹੁਤ ਚੰਗੇ ਮਾਹੌਲ ’ਚ ਹੋਈ, ਜਿਸ ’ਚ ਇਕ ਦੂਜੇ ਨਾਲ ਸਹਿਯੋਗ ਨਾਲ ਕੰਮ ਕਰਨਾ ਯਕੀਨੀ ਬਣਾਇਆ ਗਿਆ। ਕਾਬਿਲੇਗ਼ੌਰ ਬੁੱਧਵਾਰ ਯੂਨੀਅਨ ਨੇ ਆਊਟਸੋਰਸ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਸਮੇਤ ਕੁਝ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ ਸੀ ਤੇ ਵਰਕਸ਼ਾਪ ਤੋਂ ਗੱਡੀਆਂ ਲਿਆ ਕੇ ਨਗਰ ਨਿਗਮ ’ਚ ਗੱਡੀਆਂ ਖੜ੍ਹੀਆਂ ਕਰਕੇ ਉਨ੍ਹਾਂ ਦੀਆਂ ਚਾਬੀਆਂ ਮੇਅਰ ਨੂੰ ਸੌਂਪੀਆਂ ਸਨ, ਜੋ ਸ਼ੁੱਕਰਵਾਰ ਨੂੰ ਵਾਪਸ ਲੈ ਲਈਆਂ ਹਨ।
---
ਕੋਈ ਬਦਲੀ ਰੱਦ ਨਹੀਂ ਹੋਵੇਗੀ : ਮੇਅਰ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਕਿਹਾ ਹੈ ਕਿ ਮੀਟਿੰਗ ਦੌਰਾਨ ਯੂਨੀਅਨ ਆਗੂਆਂ ਨੂੰ ਸਪdਸ਼ਟ ਕਰ ਦਿੱਤਾ ਗਿਆ ਕਿ ਜਿਹੜੀਆਂ ਤਹਿ- ਬਾਜ਼ਾਰੀ ਬਰਾਂਚ ਜਾਂ ਵਰਕਸ਼ਾਪ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਉਹ ਕਿਸੇ ਵੀ ਹਾਲਤ ’ਚ ਰੱਦ ਨਹੀਂ ਕੀਤੀਆਂ ਜਾਣਗੀਆਂ ਅਤੇ ਕਮਿ•ਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜਿਹੜੇ 8 ਆਊਟਸਰੋਸ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਸਨ, ਉਨ੍ਹਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਹੜੀ ਨਵੀਂ ਭਰਤੀ ਦਾ ਰੋਸਟਰ ਰੱਦ ਕਰਨ ਦੀ ਗੱਲ ਹੈ, ਉਸ ਸਬੰਧੀ ਯੂਨੀਅਨ ਦੀ ਸਰਕਾਰ ਨਾਲ ਮੀਟਿੰਗ ਕਰਵਾਈ ਜਾਏਗੀ ਕਿਉਂਕਿ ਰੋਸਟਰ ਸਿਸਟਮ ਬਾਰੇ ਚੰਡੀਗੜ੍ਹ ਤੋਂ ਹੀ ਫੈਸਲਾ ਹੋਣਾ ਹੈ।
---
3 ਦਿਨਾਂ ’ਚ 1600 ਮੀਟ੍ਰਿਕ ਟਨ ਕੂੜਾ ਢੋਣ ਦਾ ਟੀਚਾ
ਨਗਰ ਨਿਗਮ ਯੂਨੀਅਨ ਦੀ ਹੜਤਾਲ ਦੌਰਾਨ ਸ਼ਹਿਰ ਦੇ ਡੰਪਾਂ ’ਤੇ ਇਕੱਠੇ ਹੋਏ ਲਗਪਗ 1600 ਮੀਟ੍ਰਿਕ ਟਨ ਕੂੜੇ ਦੀ ਢੂਆਈ ਮੁਸ਼ਕਲ ਹੋਵੇਗਾ ਤੇ ਹਾਲਾਤ ਆਮ ਵਰਗੇ ਹੋਣ ’ਚ ਸਮਾਂ ਲੱਗੇਗਾ। ਸ਼ਹਿਰ ਦੇ ਵੱਖ-ਵੱਖ ਡੰਪਾਂ ’ਤੇ ਰੋਜ਼ਾਨਾ 550 ਮੀਟ੍ਰਿਕ ਟਨ ਕੂੜਾ ਇਕੱਠਾ ਹੁੰਦਾ ਹੈ, ਜਿਸ ਦੀ ਢੁਆਈ ਰੋਜ਼ਾਨਾ ਕਰ ਕੇ ਵਰਿਆਣਾ ਡੰਪ ’ਤੇ ਸੁੱਟਿਆ ਜਾਂਦਾ ਹੈ। ਹੁਣ ਜਦਕਿ 3 ਦਿਨਾਂ ਦਾ ਕੂੜਾ ਇਕਠਾ ਹੋ ਚੁੱਕਾ ਹੈ, ਇਸ ਲਈ ਇਕ ਦਿਨ ’ਚ ਢੋਆਈ ਸੰਭਵ ਨਹੀਂ ਹੈ।