ਨਾਜਾਇਜ਼ ਸ਼ਰਾਬ ਵੇਚਣ ਵਾਲੇ ਬਣੇ ਠੇਕੇਦਾਰ, ਆਬਕਾਰੀ ਵਿਭਾਗ ਨੂੰ ਲਾ ਰਹੇ ਚੂਨਾ
-ਦੂਜੇ ਜ਼ਿਲ੍ਹਿਆਂ ਤੋਂ ਸ਼ਰਾਬ
Publish Date: Fri, 08 May 2026 09:50 PM (IST)
Updated Date: Fri, 08 May 2026 09:53 PM (IST)
-ਦੂਜੇ ਜ਼ਿਲ੍ਹਿਆਂ ਤੋਂ ਸ਼ਰਾਬ ਲਿਆ ਕੇ ਸਸਤੇ ਭਾਅ 'ਤੇ ਵੇਚ ਰਹੇ
ਜਾਸ, ਜਲੰਧਰ : ਜ਼ਿਲ੍ਹੇ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ 'ਤੇ ਹੈ, ਜਿਨ੍ਹਾਂ ਲੋਕਾਂ 'ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਪਰਚੇ ਦਰਜ ਸਨ, ਉਹ ਹੁਣ ਸ਼ਰਾਬ ਠੇਕੇਦਾਰਾਂ ਦੇ ਹਿੱਸੇਦਾਰ ਬਣ ਗਏ ਹਨ। ਠੇਕੇਦਾਰੀ ’ਚ ਆਉਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਵੇਚਣ ਦਾ ਸਿਲਸਿਲਾ ਜਾਰੀ ਹੈ। ਆਬਕਾਰੀ ਵਿਭਾਗ ਨੇ ਨਵੇਂ ਠੇਕੇ ਅਲਾਟ ਕਰਨ ਮਗਰੋਂ ਇਕ ਮਹੀਨੇ ’ਚ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਸਰਕਲ-1 ਤੇ 2 ’ਚ ਸ਼ਰਾਬ ਠੇਕੇਦਾਰ ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦਾ ਲਿੰਕ ਜੁੜਿਆ ਹੋਇਆ ਹੈ। ਆਬਕਾਰੀ ਅਧਿਕਾਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਤੇ ਉਨ੍ਹਾਂ ਨਾਲ ਜੁੜੇ ਠੇਕੇਦਾਰਾਂ ਦੀ ਜਾਂਚ ਚੱਲ ਰਹੀ ਹੈ। ਸ਼ਹਿਰ ਦੇ ਅਲੀ ਮੁਹੱਲਾ, ਪਟੇਲ ਚੌਕ, ਬਸਤੀ ਦਾਨਿਸ਼ਮੰਦਾਂ, ਗਾਜ਼ੀ ਗੁੱਲਾ, ਬਸਤੀ ਸ਼ੇਖ, ਕਿਲ੍ਹਾ ਮੁਹੱਲਾ ਤੇ ਰੇਲਵੇ ਸਟੇਸ਼ਨ ਦੇ ਇਲਾਕੇ ’ਚ ਨਾਜਾਇਜ਼ ਸ਼ਰਾਬ ਦੀ ਹੋਮ ਡਲਿਵਰੀ ਹੋ ਰਹੀ ਹੈ। ਸ਼ਹਿਰ ’ਚ ਵਿਕ ਰਹੀ ਨਾਜਾਇਜ਼ ਸ਼ਰਾਬ ਨੇੜਲੇ ਜ਼ਿਲ੍ਹਿਆਂ ਤੋਂ ਆ ਰਹੀ ਹੈ। ਬਸਤੀ ਬਾਵਾ ਖੇਲ ’ਚ ਰਾਜੂ ਜੂਸ ਕਾਰਨਰ ਤੋਂ ਦਰਜਨਾਂ ਪੇਟੀਆਂ ਸ਼ਰਾਬ ਦੀ ਬਰਾਮਦ ਕੀਤੀਆਂ ਗਈਆਂ। ਸ਼ਰਾਬ ਕਾਰੋਬਾਰੀਆਂ ਅਨੁਸਾਰ, ਉਨ੍ਹਾਂ ਨੇ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਫੀਸ ਦੇ ਕੇ ਠੇਕੇ ਲਏ ਹਨ ਪਰ ਨਾਜਾਇਜ਼ ਵਿਕਰੀ ਰੁਕ ਨਹੀਂ ਰਹੀ।
ਇਸ ਵਿੱਤੀ ਵਰ੍ਹੇ ’ਚ ਸ਼ਰਾਬ ਦੇ ਠੇਕੇ ਅਲਾਟ ਹੋਣ ਮਗਰੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਸਿੰਡੀਕੇਟ ਦਾ ਹਿੱਸਾ ਬਣਾਇਆ ਗਿਆ ਸੀ ਤਾਂ ਜੋ ਨਾਜਾਇਜ਼ ਸ਼ਰਾਬ ਦਾ ਧੰਦਾ ਰੁਕ ਸਕੇ ਪਰ ਪਿਛਲੇ ਇਕ ਮਹੀਨੇ ’ਚ ਆਬਕਾਰੀ ਵਿਭਾਗ ਨੇ ਤਿੰਨ ਅਜਿਹੇ ਮਾਮਲੇ ਫੜੇ ਹਨ, ਜਿੱਥੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਨਾਜਾਇਦ਼ ਸ਼ਰਾਬ ਵੇਚੀ ਜਾ ਰਹੀ ਸੀ। ਵੀਰਵਾਰ ਨੂੰ ਗਦਈਪੁਰ ਤੋਂ ਮਹਿਤਾਬ ਮੁਹੰਮਦ ਤੋਂ ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਨਵਜੀਤ ਸਿੰਘ ਨੇ ਅੱਠ ਪੇਟੀਆਂ ਤੇ 100 ਕੁਆਰਟਰ ਸ਼ਰਾਬ ਫੜੀ। ਜਾਂਚ ’ਚ ਪਤਾ ਲੱਗਾ ਕਿ ਇਕ ਠੇਕੇਦਾਰ ਦਾ ਇਸ ’ਚ ਹੱਥ ਸੀ। ਹਾਲਾਂਕਿ ਸ਼ਰਾਬ ਨੇੜਲੇ ਜ਼ਿਲ੍ਹੇ ਕਪੂਰਥਲਾ ਤੋਂ ਲਿਆਈ ਗਈ ਸੀ ਪਰ ਸਥਾਨਕ ਪੱਧਰ 'ਤੇ ਮਿਲੀਭੁਗਤ ਨਾਲ ਸ਼ਰਾਬ ਦੀ ਵਿਕਰੀ ਹੋ ਰਹੀ ਸੀ। ਆਬਕਾਰੀ ਵਿਭਾਗ ਦੇ ਈਟੀਓ ਜਸਪ੍ਰੀਤ ਸਿੰਘ ਨੇ ਕਿਹਾ ਕਿ ਕਿਉਂਕਿ ਇਹ ਜ਼ਿੰਮੇਵਾਰੀ ਸਰਕਲ ਗਰੁੱਪ ਚਾਲਕਾਂ ਦੀ ਬਣਦੀ ਹੈ, ਇਸ ਲਈ ਪੁੱਛਗਿੱਛ ਮਗਰੋਂ ਜਿਸ ਦੀ ਇਸ ’ਚ ਭਾਈਵਾਲੀ ਸਾਬਤ ਹੋਵੇਗੀ, ਉਸ ਨੂੰ ਜੁਰਮਾਨਾ ਲਾਇਆ ਜਾਵੇਗਾ। ਆਬਕਾਰੀ ਵਿਭਾਗ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਜਾਂਚ ਕਰਦਾ ਰਹਿੰਦਾ ਹੈ।