ਹੜਤਾਲ ਨੂੰ ਅਸਫ਼ਲ ਬਣਾਉਣ ਦੀਆਂ ਸਾਜ਼ਿਸ਼ਾਂ ਨੂੰ ਨਾ ਪਿਆ ਬੂਰ
ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀ ਹੜਤਾਲ ਨੂੰ ਅਸਫ਼ਲ ਬਣਾਉਣ ਸਾਜ਼ਿਸ਼ਾਂ ਨੂੰ ਬੂਰ ਨਾ ਪਿਆ
Publish Date: Wed, 13 May 2026 08:20 PM (IST)
Updated Date: Thu, 14 May 2026 04:15 AM (IST)

-ਸਰਕਾਰ ’ਚ ਬੈਠੇ ਆਗੂਆਂ ਦੀ ਅਪੀਲ ਦੇ ਬਾਵਜੂਦ ਹੜਤਾਲ ਜਾਰੀ ਰਹੀ -ਮੰਗਾਂ ਨਾ ਮੰਨਣ ਦੀ ਸੂਰਤ ’ਚ ਸਰਕਾਰ ਸਿਆਸੀ ਨੁਕਸਾਨ ਲਈ ਤਿਆਰ ਰਹੇ : ਯੂਨੀਅਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਿਊਸਪਲ ਮੁਲਾਜ਼ਮ ਐਕਸਨ ਕਮੇਟੀ ਪੰਜਾਬ ਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ’ਤੇ ਸਫ਼ਾਈ ਮਜ਼ਦੂਰਾਂ ਅਤੇ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਹੜਤਾਲ ਅੱਠਵੇਂ ਦਿਨ ਵਿੱਚ ਪਹੁੰਚੀ ਗਈ। ਚੱਲ ਰਹੀ ਹੜਤਾਲ ਨੂੰ ਸਰਕਾਰ ’ਚ ਬੈਠੇ ਕੁਝ ਆਗੂਆਂ ਦੀ ਹੜਤਾਲ ਖਤਮ ਕਰਾਉਣ ਦੀ ਅਪੀਲ ਦੇ ਬਾਵਜੂਦ ਨਗਰ ਪੰਚਾਇਤਾਂ ’ਚ ਇਸ ਦਾ ਕੋਈ ਅਸਰ ਨਜ਼ਰ ਨਹੀਂ ਆਇਆ। ਸਫਾਈ ਸੇਵਕ ਤੇ ਮਿਊਂਸੀਪਲ ਕਾਮੇ ਅੱਜ ਵੀ ਹੜਤਾਲ ’ਤੇ ਰਹੇ। ਸਫਾਈ ਮਜ਼ਦੂਰਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਪਿਛਲੇ ਅੱਠ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ, ਉਨ੍ਹਾਂ ਆਗੂਆਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕੱਢਣ ਦੀ ਥਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਕੁਝ ਖਾਸ ਬੰਦਿਆਂ ਜਿਹੜੇ ਸਰਕਾਰੀ ਸਹੂਲਤਾਂ ਮਾਣ ਰਹੇ ਹਨ। ਉਨਾਂ ਨੂੰ ਮੋਹਰੇ ਬਣਾ ਕੇ ਸਫਾਈ ਮਜ਼ਦੂਰਾਂ ਦੇ ਘੋਲ ਨੂੰ ਢਾਹ ਲਾਉਣਾ ਚਾਹੁੰਦੀ ਹੈ। ਜੇ ਆਮ ਆਦਮੀ ਪਾਰਟੀ ਆਪਣੇ ਸਿਆਸੀ ਨੁਕਸਾਨ ਤੋਂ ਬਚਣਾ ਚਾਹੁੰਦੀ ਹੈ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਲਾਗੂ ਕਰਨ, ਘੱਟੋ ਘੱਟ ਉਜਰਤ 40 ਹਜਾਰ ਰੁਪਏ ਪ੍ਰਤੀ ਮਹੀਨਾ ਕਰਨ ਆਦਿ ਮੰਗਾਂ ਮੰਨਣ ਲਈ ਅੱਗੇ ਆਵੇ। ਸਥਾਨਕ ਨਗਰ ਕੌਂਸਲ ਮਹਿਤਪੁਰ ਦਫ਼ਤਰ ਅੱਗੇ ਹੜਤਾਲ ’ਤੇ ਬੈਠੇ ਕਾਮਿਆਂ ਨੂੰ ਸੰਬੋਧਨ ਕਰਨ ਵਾਲਿਆਂ ’ਚ ਸਫਾਈ ਸੇਵਕਾਂ ਦੇ ਪ੍ਰਧਾਨ ਪੱਪੂ ਰਾਮ , ਓਮ ਪ੍ਰਕਾਸ਼ ਵਾਈਸ ਪ੍ਰਧਾਨ, ਕੁਲਵਿੰਦਰ ਸਿੰਘ ਚੇਅਰਮੈਨ, ਚਰਨਜੀਤ ਸਿੰਘ ਜਨਰਲ ਸਕੱਤਰ, ਕਾਨਤਾ ਦੇਵੀ ਔਰਤ ਆਗੂ, ਪੇਡੂ ਸਫਾਈ ਕਰਮਚਾਰੀਆਂ ਦੇ ਸੂਬਾਈ ਆਗੂ ਪ੍ਰੇਮ ਸਰਸ, ਸੁਭਾਸ਼, ਓਮ ਪ੍ਰਕਾਸ਼, ਸਲੀਮ ਆਦਿ ਨੇ ਵੀ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀਆਂ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਮੰਡਿਆਲਾ, ਮਨਰੇਗਾ ਆਗੂ ਬਖਸ਼ੋ ਰਾਣੀ, ਵਿਜੇ ਬਾਠ ਆਦੀ ਨੇ ਵੀ ਸੰਬੋਧਨ ਕੀਤਾ।