ਸ਼੍ਰੀ ਸ਼ਿਵ ਕਥਾ ਸੰਪੰਨ, ਅਧਿਆਤਮਿਕਤਾ ਦਾ ਦਿੱਤਾ ਸੰਦੇਸ਼
ਦਿਵਿਆ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਸ਼ਿਵ ਕਥਾ ਦਾ ਸਮਾਪਨ, ਆਧਿਆਤਮਿਕਤਾ ਦਾ ਦਿੱਤਾ ਸੰਦੇਸ਼
Publish Date: Mon, 04 May 2026 07:17 PM (IST)
Updated Date: Tue, 05 May 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼੍ਰੀ ਰਾਮ ਮੰਦਰ ਜੰਜ ਘਰ ’ਚ ਚਾਰ ਦਿਨਾ ਸ਼੍ਰੀ ਸ਼ਿਵ ਕਥਾ ਕਰਵਾਈ, ਜਿਸ ਦਾ ਆਖਰੀ ਦਿਨ ਬੜੀ ਭਗਤੀ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਾਧਵੀ ਮੇਧਾਵੀ ਭਾਰਤੀ ਨੇ ਆਧਿਆਤਮਿਕ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਧਰਤੀ ਦੇ ਸਰੋਤਾਂ ਦਾ ਬੇਹਿਸਾਬ ਘਾਣ ਹੋ ਰਿਹਾ ਹੈ ਤੇ ਕੋਇਲਾ, ਪਾਣੀ ਸਮੇਤ ਕਈ ਕੁਦਰਤੀ ਸੰਸਾਧਨ ਖਤਮ ਹੋਣ ਦੇ ਕਿਨਾਰੇ ’ਤੇ ਹਨ। ਉਨ੍ਹਾਂ ਕਿਹਾ ਕਿ ਵਿਗਿਆਨੀ ਵੀ ਮੰਨਦੇ ਹਨ ਕਿ ਭਵਿੱਖ ’ਚ ਮਨੁੱਖ ਨੂੰ ਰਹਿਣ ਲਈ ਹੋਰ ਗ੍ਰਹਿਆਂ ਦੀ ਖੋਜ ਕਰਨੀ ਪੈ ਸਕਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜੇ ਮਨੁੱਖ ਦਾ ਮਨ ਸ਼ਾਂਤ ਅਤੇ ਸੰਤੁਲਿਤ ਹੋਵੇ ਤਾਂ ਪ੍ਰਕ੍ਰਿਤੀ ਆਪਣੇ ਆਪ ਸੰਤੁਲਨ ’ਚ ਆ ਸਕਦੀ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਬ੍ਰਹਮ ਗਿਆਨ ਦੀ ਬਹੁਤ ਲੋੜ ਹੈ, ਜਿਸ ਨਾਲ ਮਨੁੱਖ ਦਾ ਮਨ ਸ਼ਾਂਤ ਹੋ ਸਕੇ ਅਤੇ ਸਮਾਜ ਵਿੱਚ ਵਧ ਰਹੀਆਂ ਬੁਰਾਈਆਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮਹਾਪੁਰਸ਼ਾਂ ਦਾ ਧਰਤੀ ’ਤੇ ਆਉਣ ਦਾ ਮੁੱਖ ਉਦੇਸ਼ ਮਨੁੱਖ ਨੂੰ ਪਰਮ ਸੱਚ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਤੇ ਬ੍ਰਹਮ ਗਿਆਨ ਰਾਹੀਂ ਮਨੁੱਖ ਆਪਣੇ ਅੰਦਰ ਵੱਸਦੀ ਆਤਮਾ ਨੂੰ ਪਛਾਣ ਸਕਦਾ ਹੈ। ਸਮਾਗਮ ਦੌਰਾਨ ਸਾਧਵੀ ਮਨਜਿੰਦਰ ਭਾਰਤੀ, ਸਾਧਵੀ ਆਰਤੀ ਭਾਰਤੀ, ਸਾਧਵੀ ਰੇਖਾ ਭਾਰਤੀ ਅਤੇ ਸਾਧਵੀ ਰੀਤਾ ਭਾਰਤੀ ਵੱਲੋਂ ਸ਼ਿਵ ਭਜਨਾਂ ਦਾ ਗਾਇਨ ਕਰਕੇ ਧਾਰਮਿਕ ਮਾਹੌਲ ਬਣਾਇਆ ਗਿਆ। ਇਸ ਮੌਕੇ ਸਾਧਵੀ ਪੱਲਵੀ ਭਾਰਤੀ, ਸਾਧਵੀ ਸ਼ਸ਼ੀਪ੍ਰਭਾ ਭਾਰਤੀ, ਸਵਾਮੀ ਸੱਜਨਾਨੰਦ ਸਮੇਤ ਕਈ ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ।