ਚੀਮਾ ਨਗਰ ’ਚ ਦਰੱਖਤਾਂ ਦੀ ਕਟਾਈ ਸਬੰਧੀ ਮੁੱਖ ਮੰਤਰੀ ਦਫ਼ਤਰ ’ਚ ਸ਼ਿਕਾਇਤ
ਚੀਮਾ ਨਗਰ ’ਚ ਦਰੱਖਤਾਂ ਦੀ ਕਟਾਈ ਸਬੰਧੀ ਮੁੱਖ ਮੰਤਰੀ ਦਫ਼ਤਰ ’ਚ ਸ਼ਿਕਾਇਤ
Publish Date: Mon, 13 Oct 2025 10:21 PM (IST)
Updated Date: Mon, 13 Oct 2025 10:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੈਂਟ ਬਾਈਪਾਸ ਰੋਡ 'ਤੇ ਦਰੱਖਤਾਂ ਦੀ ਗੈਰਕਾਨੂੰਨੀ ਕਟਾਈ ਦਾ ਮਾਮਲਾ ਹਾਲ ਹੀ ’ਚ ਸਲਝਿਆ ਹੀ ਸੀ ਕਿ ਹੁਣ ਚੀਮਾ ਨਗਰ ’ਚ ਦਰੱਖਤਾਂ ਨੂੰ ਕੱਟਣ ਦਾ ਮਾਮਲਾ ਚਰਚਾ ’ਚ ਆ ਗਿਆ ਹੈ। ਵਾਤਾਵਰਨ ਪ੍ਰੇਮੀ ਤੇਜਸਵੀ ਮਿਨਹਾਸ ਨੇ ਦਰੱਖਤਾਂ ਦੀ ਕਟਾਈ ਦੇ ਮਾਮਲੇ ’ਚ ਮੁੱਖ ਮੰਤਰੀ ਦਫ਼ਤਰ ’ਚ ਸ਼ਿਕਾਇਤ ਕੀਤੀ ਹੈ। ਚੀਮਾ ਨਗਰ ਦੇ ਪਾਰਕ ਦੇ ਆਸ-ਪਾਸ ਲੱਗੇ 15 ਤੋਂ ਵੱਧ ਹਰੇ ਭਰੇ ਦਰੱਖਤਾਂ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਉਹ ਜ਼ਮੀਨ ਤੋਂ ਕੇਵਲ ਇਕ ਤੋਂ ਤਿੰਨ ਫੁੱਟ ਤੱਕ ਹੀ ਬਚੇ ਹਨ। ਕੁਝ ਦਰੱਖਤਾਂ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਉਨ੍ਹਾਂ ਦੀ ਪੂਰੀ ਸ਼ਕਲ ਹੀ ਬਿਗੜ ਗਈ ਹੈ। ਇਹ ਕਟਾਈ 5 ਤੇ 6 ਅਕਤੂਬਰ ਦੀ ਰਾਤ ਨੂੰ ਕੀਤੀ ਗਈ ਸੀ। ਤਿੰਨ-ਚਾਰ ਦਿਨ ਬਾਅਦ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਵਾਤਾਵਰਨ ਪ੍ਰੇਮੀ ਮੌਕੇ 'ਤੇ ਪਹੁੰਚੇ ਤੇ ਪੂਰੇ ਮਾਮਲੇ ਦੀ ਜਾਣਕਾਰੀ ਲਈ।
ਤੇਜਸਵੀ ਮੁਤਾਬਕ, ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦਰੱਖਤ ਚੀਮਾ ਨਗਰ ਦੇ ਰਹਿਣ ਵਾਲੇ ਸੰਜੇ ਸਰੀਨ ਵੱਲੋਂ ਕਟਵਾਏ ਗਏ ਹਨ, ਜਿਨ੍ਹਾਂ ਦਾ ਘਰ ਪਾਰਕ ਦੇ ਸਾਹਮਣੇ ਬਣ ਰਿਹਾ ਹੈ। ਇੱਥੇ ਕੰਮ ਕਰ ਰਹੇ ਮਜ਼ਦੂਰਾਂ ਨੇ ਦਰੱਖਤਾਂ ਨੂੰ ਕੱਟਿਆ ਹੈ। ਸਮਾਜਿਕ ਤੇ ਵਾਤਾਵਰਨ ਪ੍ਰੇਮੀ ਤੇਜਸਵੀ ਮਿਨਹਾਸ ਨੇ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ, ਡੀਆਈਜੀ ਦਫ਼ਤਰ, ਡੀਸੀ ਦਫ਼ਤਰ ਤੇ ਨਗਰ ਨਿਗਮ ਜਲੰਧਰ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਇਸ ਤਰ੍ਹਾਂ ਦੀ ਗੈਰਕਾਨੂੰਨੀ ਕਟਾਈ ਤੁਰੰਤ ਰੋਕੀ ਜਾਣੀ ਚਾਹੀਦੀ ਹੈ। ਦਰੱਖਤਾਂ ਦੀ ਇਹ ਕਟਾਈ ਗੈਰ-ਵਨ ਜ਼ਮੀਨ ਤੇ ਸਰਕਾਰੀ ਜ਼ਮੀਨ ਲਈ ਦਰੱਖਤ ਸੁਰੱਖਿਆ ਨੀਤੀ, 2024 ਤੇ ਪੰਜਾਬ ਦਰੱਖਤ ਸੁਰੱਖਿਆ ਐਕਟ, 2025 ਦਾ ਸਿੱਧਾ ਉਲੰਘਣ ਹੈ। ਦਰੱਖਤ ਕਟਵਾਉਣ ਵਾਲਿਆਂ ਨੇ ਨਾ ਸਿਰਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ, ਸਗੋਂ ਉਸਨੂੰ ਮਾਲੀ ਲਾਭ ਲਈ ਵੇਚ ਵੀ ਦਿੱਤਾ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਦਰੱਖਤ ਕਟਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਚੀਮਾ ਨਗਰ ਦੇ ਪਾਰਕ ਨੂੰ ਵਿਕਸਤ ਕਰਨ ਦਾ ਕੰਮ ਸਾਲ 2006 ’ਚ ਮੋਹਿੰਦਰ ਸਿੰਘ ਕੇਪੀ ਵੱਲੋਂ ਕਰਵਾਇਆ ਗਿਆ ਸੀ। ਇੱਥੇ ਇਕ ਲਾਇਬ੍ਰੇਰੀ ਵੀ ਬਣਾਈ ਗਈ ਸੀ ਜੋ ਇਸ ਸਮੇਂ ਨਿੱਜੀ ਤੌਰ ’ਤੇ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਗੈਰ-ਕਾਨੂੰਨੀ ਕਟਾਈ ਨੂੰ ਤੁਰੰਤ ਰੋਕਵੇ ਤੇ ਲਾਇਬ੍ਰੇਰੀ ਨੂੰ ਵੀ ਦੁਬਾਰਾ ਵਿਕਸਤ ਕਰੇ।