ਟੀਚਿਆਂ ਦੀ ਪ੍ਰਾਪਤੀ ਲਈ ਇਕਜੁੱਟਤਾ ਦੀ ਲੋੜ : ਬਾਲਯੋਗੀ ਪ੍ਰਗਟ ਨਾਥ
ਟੀਚਿਆਂ ਦੀ ਪ੍ਰਾਪਤੀ ਲਈ ਭਾਈਚਾਰੇ ਦੀ ਸਾਂਝ ਤੇ ਇੱਕਸੁਰਤਾ ਦੀ ਲੋੜ- ਬਾਲਯੋਗੀ ਪ੍ਰਗਟ ਨਾਥ
Publish Date: Thu, 23 Apr 2026 09:36 PM (IST)
Updated Date: Thu, 23 Apr 2026 09:40 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਭਗਵਾਨ ਵਾਲਮੀਕਿ ਜੀ ਦੇ ਨਾਮ ਲੇਵਾ ਸਮਾਜ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਹਰ ਪੱਧਰ ‘ਤੇ ਗਿਆਨਵਾਨ ਹੋ ਕੇ ਸਮਾਜਿਕ ਰੁਤਬੇ ਦੀ ਬੁਲੰਦੀ ਲਈ ਸਾਂਝੇ ਉੱਦਮ ਕਰਨ ਦੀ ਲੋੜ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਸ਼ਰਾਇਨ ਬੋਰਡ ਭਗਵਾਨ ਵਾਲਮੀਕ ਤੀਰਥ ਅੰਮ੍ਰਿਤਸਰ ਬਾਲਯੋਗੀ ਬਾਬਾ ਪ੍ਰਗਟ ਨਾਥ ਨੇ ਕੀਤਾ। ਉਹ ਮਾਰਕੀਟ ਕਮੇਟੀ ਸ਼ਾਹਕੋਟ ਵਿਖੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਪਧਾਰਨ ‘ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਲਮੀਕ ਭਾਈਚਾਰਾ ਸਵੈਮਾਣ ਨਾਲ ਜ਼ਿੰਦਗੀ ਜਿਉਣ ਲਈ ਜਾਣਿਆ ਜਾਂਦਾ ਹੈ। ਸੂਝ ਤੇ ਸਮਝ ਦੀ ਇਸ ਭਾਈਚਾਰੇ ਕੋਲ ਕੋਈ ਘਾਟ ਨਹੀਂ ਹੈ ਪਰ ਮਿੱਥੇ ਹੋਏ ਟੀਚਿਆਂ ਦੀ ਪ੍ਰਾਪਤੀ ਲਈ ਸਾਂਝ ਤੇ ਇਕਜੁੱਟਤਾ ਦੀ ਜ਼ਰੂਰਤ ਹੈ। ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਵਾਲ ਤੇ ਉੱਪ ਜ਼ਿਲ੍ਹਾ ਮੰਡੀ ਅਫਸਰ ਤਜਿੰਦਰ ਕੁਮਾਰ ਨੇ ਗੁਲਦਸਤੇ ਭੇਟ ਕਰਦਿਆਂ ਬਾਬਾ ਪ੍ਰਗਟ ਨਾਥ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਕਮੇਟੀ ਦੇ ਦੋਵਾਂ ਅਧਿਕਾਰੀਆਂ ਨੇ ਕਮੇਟੀ ਦੀ ਕਾਰਜ ਪ੍ਰਣਾਲੀ ਤੋਂ ਵੀ ਬਾਬਾ ਜੀ ਨੂੰ ਜਾਣੂ ਕਰਵਾਇਆ। ਇਸ ਮੌਕੇ ਚੇਅਰਮੈਨ ਬਾਬਾ ਪ੍ਰਗਟ ਨਾਥ ਜੀ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਪੰਜਾਬ ਵੱਲੋਂ ਅੱਜ ਹੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਵਿੱਤੀ ਸਾਲ 2026-27 ਵਿੱਚ ਭਗਵਾਨ ਵਾਲਮੀਕਿ ਰਾਮ ਤੀਰਥ ਅੰਮ੍ਰਿਤਸਰ ਵਿਖੇ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਡੀਡੀਓ ਪਾਵਰਾਂ ਜਾਰੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਾਰੀ ਕੀਤੀ ਗਈ ਰਾਸ਼ੀ ਨਾਲ ਪੀਡਬਲਯੂਡੀ, ਪੀਡਬਲਯੂਡੀ ਇਲੈਕਟਰੀਕਲ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਰਾਹੀਂ ਮੁੱਖ ਮੰਦਰ, ਪਰਿਕਰਮਾ, ਲੰਗਰ ਹਾਲ, ਚਾਰ ਦੀਵਾਰੀ, ਸਰਾਵਾਂ ਆਦਿ ਦਾ ਨਵੀਨੀਕਰਨ ਤੇ ਹੋਰ ਅਨੇਕਾਂ ਕੰਮ ਕਰਵਾਏ ਜਾਣਗੇ। ਇਸ ਮੌਕੇ ਪਰਬਤ ਪਾਲ ਸਿੰਘ ਪੀਏ ਪਰਮਿੰਦਰ ਸਿੰਘ ਪਡੋਰੀ ਹਲਕਾ ਇੰਚਾਰਜ ਆਪ, ਬੂਟਾ ਸਿੰਘ ਸੇਵਾ ਮੁਕਤ ਏਐਸਆਈ, ਰਾਖੀ ਮੱਟੂ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਜੋਗਿੰਦਰ ਸਿੰਘ ਟਾਈਗਰ, ਸਿਮਰਜੀਤ ਕੌਰ ਢੰਡੋਵਾਲ, ਮਨਜੀਤ ਕੌਰ ਫਾਜਲਵਾਲ, ਗੈਰੀ ਦੌਧਰ, ਜਸਵਿੰਦਰ ਕੌਰ ਮੀਏਂਵਾਲ, ਹਰਬੰਸ ਸਿੰਘ ਪਹਿਲਵਾਨ ਅਤੇ ਮਾਰਕੀਟ ਕਮੇਟੀ ਦਾ ਸਮੁੱਚਾ ਸਟਾਫ ਮੌਜੂਦ ਸੀ।