ਕਾਰੋਬਾਰੀ ਗੈਸ ਸਿਲੰਡਰ ਦੇ ਰੇਟ ਵਧੇ, ਹੁਣ ਮਹਿੰਗੇ ਹੋਣਗੇ ਖੁਰਾਕੀ ਪਦਾਰਥ
ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਧੇ, ਹੁਣ ਖਾਦ ਪਦਾਰਥਾਂ ਦੇ ਰੇਟ ਵਧਾਉਣ ਦੀ ਤਿਆਰੀ
Publish Date: Fri, 01 May 2026 10:18 PM (IST)
Updated Date: Fri, 01 May 2026 10:20 PM (IST)

-993 ਰੁਪਏ ਦੇ ਵਾਧੇ ਬਾਅਦ ਹੁਣ 3163.50 ਰੁਪਏ ’ਚ ਹੋਵੇਗੀ ਰੀਫਿਲਿੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 19 ਕਿੱਲੋ ਵਾਲੇ ਕਾਰੋਬਾਰੀ ਗੈਸ ਸਿਲੰਡਰ ਦੇ ਰੇਟਾਂ ’ਚ 993 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ 2170.50 ਰੁਪਏ ’ਚ ਹੋਣ ਵਾਲੀ ਕਾਰੋਬਾਰੀ ਗੈਸ ਸਿਲੰਡਰ ਦੀ ਰੀਫਿਲਿੰਗ ਹੁਣ 3163.50 ਰੁਪਏ ’ਚ ਹੋਵੇਗੀ। ਕਾਰੋਬਾਰੀ ਗੈਸ ਸਿਲੰਡਰ ਦੇ ਰੇਟਾਂ ’ਚ ਦੋ ਮਹੀਨਿਆਂ ’ਚ ਤੀਜੀ ਵਾਰ ਵਾਧਾ ਹੋਣ ਤੋਂ ਬਾਅਦ ਹੁਣ ਖਾਦ ਪਦਾਰਥਾਂ ਦੇ ਵਪਾਰੀ ਵੀ ਰੇਟ ਵਧਾਉਣ ਦੀ ਤਿਆਰੀ ਕਰ ਰਹੇ ਹਨ। ਇਸ ਕਰ ਕੇ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਰੈਡੀ-ਟੂ-ਈਟ ਖਾਣੇ ਲਈ ਵਾਧੂ ਪੈਸੇ ਦੇਣੇ ਪੈ ਸਕਦੇ ਹਨ। ਹਾਲਾਂਕਿ, ਫਿਲਹਾਲ ਰੇਟਾਂ ’ਚ ਵਾਧਾ ਨਹੀਂ ਕੀਤਾ ਗਿਆ ਪਰ ਹੋਟਲ, ਢਾਬੇ, ਰੈਸਟੋਰੈਂਟਾਂ ਦੇ ਨਾਲ ਨਾਲ ਰੇਹੜੀ ਤੇ ਫੂਡ ਕੋਰਟ ਚਲਾਉਣ ਵਾਲੇ ਹੁਣ ਰੇਟ ਵਧਾਉਣ ਦੀ ਯੋਜਨਾ ਬਣਾਉਣ ਲੱਗ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਗੈਸ ਸਿਲੰਡਰ ਦੇ ਰੇਟਾਂ ’ਚ ਪਹਿਲੀ ਵਾਰ ਲਗਭਗ ਇਕ ਹਜ਼ਾਰ ਰੁਪਏ ਦੇ ਵਾਧੇ ਤੋਂ ਬਾਅਦ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ’ਚ 10 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਈਰਾਨ-ਇਜ਼ਰਾਇਲ ਜੰਗ ਤੋਂ ਬਾਅਦ ਪੈਦਾ ਹੋਈ ਐੱਲਪੀਜੀ ਦੀ ਕਮੀ ਕਾਰਨ ਤਿੰਨਾਂ ਆਇਲ ਕੰਪਨੀਆਂ (ਇੰਡਿਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟ੍ਰੋਲੀਅਮ ਤੇ ਹਿੰਦੁਸਤਾਨ ਪੈਟ੍ਰੋਲੀਅਮ) ਨੇ ਘਰੇਲੂ ਖਪਤਕਾਰਾਂ ਨੂੰ ਗੈਸ ਸਪਲਾਈ ਦੇਣ ਲਈ ਡਲਿਵਰੀ ਤੋਂ 25 ਦਿਨਾਂ ਬਾਅਦ ਹੀ ਦੂਜੇ ਸਿਲੰਡਰ ਦੀ ਬੁਕਿੰਗ ਕਰਨ ਦਾ ਨਿਯਮ ਲਾਗੂ ਕੀਤਾ ਹੈ। ਇਸੇ ਤਰ੍ਹਾਂ ਕਾਰੋਬਾਰੀ ਗੈਸ ਸਿਲੰਡਰ ਦੇ ਰੇਟਾਂ’ ਚ ਦੋ ਮਹੀਨਿਆਂ ’ਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ। ਫਰਵਰੀ ਮਹੀਨੇ ’ਚ 1832.50 ਰੁਪਏ ’ਚ ਰੀਫਿਲ ਹੋਣ ਵਾਲੇ ਸਿਲੰਡਰ ਦੇ ਦਾਮ ਵਧਾ ਕੇ 1 ਮਾਰਚ ਤੋਂ 1860.50 ਰੁਪਏ ਕਰ ਦਿੱਤੇ ਗਏ। ਇਸੇ ਮਹੀਨੇ 7 ਮਾਰਚ ਨੂੰ ਫਿਰ ਵਾਧਾ ਕਰਕੇ ਰੀਫਿਲਿੰਗ 1975 ਰੁਪਏ ਕਰ ਦਿੱਤੀ ਗਈ। ਇਸ ਤੋਂ ਬਾਅਦ ਅਪ੍ਰੈਲ ਦੀ ਸ਼ੁਰੂਆਤ ’ਚ ਵਾਧੇ ਨਾਲ ਇਹ 2170.50 ਰੁਪਏ ਹੋ ਗਈ। ਹੁਣ ਪਹਿਲੀ ਮਈ ਨੂੰ ਫਿਰ ਵਾਧਾ ਹੋਣ ਨਾਲ ਰੀਫਿਲਿੰਗ 3163.50 ਰੁਪਏ ਹੋ ਗਈ ਹੈ। ਹਾਲਾਂਕਿ, ਪਿਛਲੇ ਮਹੀਨੇ ਵੀ ਹੋਟਲਾਂ, ਢਾਬਿਆਂ ਤੇ ਰੇਹੜੀਆਂ ਤੇ ਖਾਣ-ਪੀਣ ਦੇ ਰੇਟ ਵਧਾਏ ਗਏ ਸਨ ਤੇ ਹੁਣ ਇਕ ਵਾਰ ਫਿਰ ਵਾਧੇ ਦੀ ਤਿਆਰੀ ਕੀਤੀ ਜਾ ਰਹੀ ਹੈ। ---------------------------- ਰੇਟ ਵਧਾਉਣਾ ਮਜ਼ਬੂਰੀ ਬਣੇਗਾ ਇਸ ਸਬੰਧੀ ਗੋਪਾਲ ਨਗਰ ਰੋਡ ਤੇ ਬਰਗਰ ਦੀ ਰੇਹੜੀ ਲਗਾਉਣ ਵਾਲੇ ਰਜਨੀਸ਼ ਕੁਮਾਰ ਨੇ ਕਿਹਾ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਣ ਤੋਂ ਬਾਅਦ ਪਿਛਲੇ ਮਹੀਨੇ ਹੀ 30 ਰੁਪਏ ਵਾਲੇ ਬਰਗਰ 40 ਰੁਪਏ ਦਾ ਕਰਨਾ ਪਿਆ ਸੀ। ਹੁਣ ਫਿਰ ਇਕ ਹਜ਼ਾਰ ਰੁਪਏ ਪ੍ਰਤੀ ਸਿਲੰਡਰ ਵਾਧੇ ਤੋਂ ਬਾਅਦ ਬਰਗਰ ਸਮੇਤ ਹੋਰ ਉਤਪਾਦਾਂ ਦੇ ਰੇਟ ਵਧਾਉਣੇ ਪੈਣਗੇ। ਇਸੇ ਤਰ੍ਹਾਂ ਚੌਕ ਸੂਦਾਂ ’ਚ ਢਾਬਾ ਚਲਾਉਣ ਵਾਲੇ ਸ਼ਰਮਾ ਢਾਬਾ ਦੇ ਰਾਜੀਵ ਸ਼ਰਮਾ ਨੇ ਦੱਸਿਆ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਘੱਟ ਉਪਲੱਬਧਤਾ ਤੇ ਵਧੇ ਹੋਏ ਰੇਟਾਂ ਦਾ ਅਸਰ ਖਾਣੇ ਦੇ ਰੇਟਾਂ ਤੇ ਜ਼ਰੂਰ ਪਵੇਗਾ। ਇਸ ਲਈ ਸਾਮਾਨ ਦੀ ਲਾਗਤ ਤੇ ਵਿਕਰੀ ਦੇ ਅਨੁਪਾਤ ਦੇ ਆਧਾਰ ਤੇ ਨਵੇਂ ਰੇਟ ਤੈਅ ਕੀਤੇ ਜਾਣਗੇ।