ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਵਾਟਰ ਕੂਲਰਾਂ ’ਚ ਅਜੇ ਤੱਕ ਠੰਢੇ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋਈ
ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਵਾਟਰ ਕੂਲਰਾਂ ’ਚ ਅਜੇ ਤੱਕ ਠੰਢੇ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋਈ
Publish Date: Wed, 29 Apr 2026 10:14 PM (IST)
Updated Date: Wed, 29 Apr 2026 10:16 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ’ਚ ਦਰਜਨਾਂ ਸ਼ਾਖਾਵਾਂ ਦੇ ਸਟਾਫ ਦੇ ਨਾਲ ਨਾਲ ਹਰ ਰੋਜ਼ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ। ਇਸ ਦੇ ਬਾਵਜੂਦ 40 ਡਿਗਰੀ ਤਾਪਮਾਨ ’ਚ ਵੀ ਕੰਪਲੈਕਸ ਵਿੱਚ ਲੱਗੇ ਵਾਟਰ ਕੂਲਰਾਂ ਦੀ ਕੂ-ਵਿਵਸਥਾ ਨੂੰ ਲੈ ਕੇ ਅਧਿਕਾਰੀ ਗੰਭੀਰ ਨਹੀਂ ਹਨ। ਇੱਥੇ ਦਾ ਹਾਲ ਵੀ ਸਿਵਲ ਹਸਪਤਾਲ ਵਰਗਾ ਹੀ ਹੈ, ਜਿੱਥੇ ਜ਼ਿਲ੍ਹਾ ਨਾਜ਼ਰ ਤੇ ਐੱਸਡੀਐੱਮ-1 ਦੇ ਦਾਅਵਿਆਂ ਦੇ ਬਾਵਜੂਦ ਚਾਰਾਂ ਮੰਜ਼ਲਾਂ ਤੇ ਲੱਗੇ ਵਾਟਰ ਕੂਲਰਾਂ ਵਿੱਚ ਠੰਢੇ ਪਾਣੀ ਦੀ ਸਪਲਾਈ ਸ਼ੁਰੂ ਨਹੀਂ ਹੋ ਸਕੀ। ਇਸ ਕਾਰਨ ਦਫ਼ਤਰ ਦੇ ਸਟਾਫ ਤੋਂ ਲੈ ਕੇ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਗਰਮ ਪਾਣੀ ਹੀ ਮਿਲ ਰਿਹਾ ਹੈ। ਇੱਥੋਂ ਤੱਕ ਕਿ ਦੂਜੀ ਮੰਜ਼ਲ ਤੇ ਲੱਗੇ ਵਾਟਰ ਕੂਲਰ ਵਿੱਚ ਤਾਂ ਬਿਜਲੀ ਕਨੈਕਸ਼ਨ ਵੀ ਨਹੀਂ ਹੈ, ਜਿੱਥੇ ਪਿਊਰੀਫਾਇਰ ਦੀ ਵਿਵਸਥਾ ਦੀ ਵੀ ਕੋਈ ਗਾਰੰਟੀ ਨਹੀਂ ਹੈ। ਚਾਰਾਂ ਮੰਜ਼ਲਾਂ ਤੇ ਲੱਗੇ ਵਾਟਰ ਕੂਲਰਾਂ ਦੇ ਨਾਲ ਨਾਲ ਤਹਿਸੀਲ ਤੇ ਡਰਾਈਵਿੰਗ ਟਰੈਕ ਤੇ ਲੱਗੇ ਵਾਟਰ ਕੂਲਰਾਂ ਦੇ ਆਸ-ਪਾਸ ਦੀ ਗੰਦਗੀ ਇਨਫੈਕਸ਼ਨ ਨੂੰ ਸੱਦਾ ਦੇ ਰਹੀ ਹੈ, ਜਿਸ ਦਾ ਖਤਰਾ ਅੱਡ ਤੋਂ ਬਣਿਆ ਹੋਇਆ ਹੈ। ਜ਼ਿਲ੍ਹਾ ਨਾਜ਼ਰ ਮੰਦੀਪ ਸਿੰਘ ਨੇ ਦੁਪਹਿਰ ਬਾਅਦ ਕੂਲਰ ਠੀਕ ਕਰਨ ਲਈ ਕੰਪਨੀ ਦੀ ਟੀਮ ਆਉਣ ਦੀ ਗੱਲ ਕਹੀ ਸੀ ਪਰ ਸ਼ਾਮ ਤੱਕ ਕੰਮ ਨਹੀਂ ਹੋ ਸਕਿਆ। --------------------------------- ਸਰਕਾਰੀ ਰੁਝੇਵਿਆਂ ਕਾਰਨ ਨਹੀਂ ਹੋ ਸਕਿਆ ਫਾਲੋਅਪ ਐੱਸਡੀਐੱਮ-1 ਨਵਦੀਪ ਸਿੰਘ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਸਰਕਾਰੀ ਪ੍ਰੋਗਰਾਮ ’ਚ ਰੁੱਝਾ ਹੋਣ ਕਾਰਨ ਇਸ ਸਮੱਸਿਆ ਬਾਰੇ ਫਾਲੋਅਪ ਨਹੀਂ ਕਰ ਸਕਿਆ। ਹੁਣ ਵੀਰਵਾਰ ਨੂੰ ਹਰ ਹਾਲਤ ’ਚ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਵਾਟਰ ਕੂਲਰ ਦੀ ਸਮੱਸਿਆ ਦੂਰ ਕਰਵਾਈ ਜਾਵੇਗੀ।