ਕਾਕਰੋਚ ਪਰਜੀਵੀ ਸ਼ਬਦਾਂ ਨੇ ਪਹੁੰਚਾਈ ਠੇਸ : ਕਾਮਰੇਡ ਸ਼ੇਖੋ
ਕਾਕਰੋਚ ਪਰਜੀਵੀ ਸ਼ਬਦਾਂ ਨੇ ਹਰ ਚੇਤਨ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਾਈ ਕਾਮਰੇਡ ਸ਼ੇਖੋ
Publish Date: Wed, 20 May 2026 09:43 PM (IST)
Updated Date: Wed, 20 May 2026 09:46 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਵਿਚ ਰੁਜ਼ਗਾਰ ਦੀ ਭਾਲ ਵਿੱਚ ਫਿਰਦੇ ਤੰਗੀ ਦਾ ਜੀਵਨ ਹੰਢਾਅ ਰਹੇ ਬੇਰੁਜ਼ਗਾਰਾਂ ਲਈ ਦੇਸ਼ ਦੀ ਸਰਬਉੱਚ ਅਦਾਲਤ ਦੇ ਚੀਫ ਜਸਟਿਸ ਵੱਲੋਂ ਵਰਤੇ ਕਾਕਰੋਚ ਤੇ ਪਰਜੀਵੀ ਸ਼ਬਦਾਂ ਨੇ ਹਰ ਚੇਤਨ ਤੇ ਬੁੱਧੀਜੀਵੀ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਾਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਨੇ ਜਲੰਧਰ ’ਚ ਮੀਟਿੰਗ ਕਰਨ ਬਾਅਦ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਾਲ ਚੀਫ ਜਸਟਿਸ ਦੀ ਸੋਚ ਅਤੇ ਦ੍ਰਿਸ਼ਟੀ ਕੋਣ ਸਪੱਸ਼ਟ ਹੋ ਜਾਂਦਾ ਹੈ। ਕਾਮਰੇਡ ਸੇਖੋ ਨੇ ਕਿਹਾ ਕਿ ਜਿਨ੍ਹਾਂ ਬੇਰੁਜ਼ਗਾਰਾਂ ਨੂੰ ਕਾਕਰੋਚ ਜਾਂ ਪਰਜੀਵੀ ਕਿਹਾ ਗਿਆ ਹੈ ਇਹ ਬੇਰੁਜ਼ਗਾਰੀ ਉਨ੍ਹਾਂ ਖਰੀਦੀ ਨਹੀਂ ਤੇ ਨਾ ਹੀ ਸ਼ੌਕ ਹੈ ਬਲਕਿ ਇਹ ਮਜਬੂਰੀ ਹੈ। ਕਾਮਰੇਡ ਸੇਖੋ ਨੇ ਕਿਹਾ ਕਿ ਚੀਫ ਜਸਟਿਸ ਵੱਲੋਂ ਦੇਸ਼ ਦੇ ਭਵਿੱਖ ਬੇਰੁਜ਼ਗਾਰ ਨੌਜਵਾਨਾਂ ਦੇ ਵਰਤੇ ਸ਼ਬਦਾਂ ਨੇ ਹਰ ਜਾਗਰੂਕ ਤੇ ਸੂਝਵਾਨ ਵਿਅਕਤੀ ਦੇ ਮਨ ਨੂੰ ਠੇਸ ਪਹੁੰਚਾਈ ਹੈ। ਕੀ ਚੀਫ ਜਸਟਿਸ ਬੇਰੁਜ਼ਗਾਰੀ ਦਾ ਕੋਈ ਹੱਲ ਵੀ ਦੱਸਣਗੇ? ਕੀ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਤ ਕਰਨ ਦਾ ਕੋਈ ਸਾਧਨ ਦੱਸਣਗੇ? ਕੀ ਸਰਕਾਰਾਂ ਨੂੰ ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਦੇ ਆਦੇਸ਼ ਦੇਣਗੇ? ਜਾਂ ਫਿਰ ਨੌਜਵਾਨੀ ਨੂੰ ਕੀੜੇ ਮਕੌੜੇ ਦੱਸ ਕੇ ਜ਼ਿੰਮੇਵਾਰੀ ਤੋਂ ਟਾਲਾ ਵਟ ਲੈਣਗੇ। ਇਹ ਸਵਾਲ ਅੱਜ ਹਰ ਚੇਤਨ ਤੇ ਬੁੱਧੀਜੀਵੀ ਦੇ ਜਿਹਨ ’ਚ ਉੱਠ ਰਿਹਾ ਹੈ ਤੇ ਉਹ ਜਵਾਬ ਦੀ ਉਡੀਕ ਵਿੱਚ ਹਨ।