ਕੱਪੜਾ ਵਪਾਰੀ ’ਤੇ ਹਮਲਾ ਕਰ ਨਕਦੀ ਲੁੱਟੀ
ਕੱਪੜਾ ਵਪਾਰੀ ’ਤੇ ਹਮਲਾ ਕਰ ਨਕਦੀ ਲੁੱਟੀ, ਮੋਟਰਸਾਈਕਲ ਸਵਾਰ ਲੁਟੇਰੇ ਫ਼ਰਾਰ
Publish Date: Fri, 01 May 2026 08:51 PM (IST)
Updated Date: Fri, 01 May 2026 08:53 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਖੇਤਰ ’ਚ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਵੱਲੋਂ ਇੱਕ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰਕੇ ਨਕਦੀ ਲੁੱਟ ਲਈ ਗਈ। ਪੀੜਤ ਅਰਵਿੰਦ ਮਿੱਤਲ ਵਾਸੀ ਪਿੰਡ ਕਲਿਆਣਪੁਰ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਪਿੰਡਾਂ ਵਿੱਚ ਫੇਰੀ ਲਾ ਕੇ ਕੱਪੜੇ ਵੇਚਦੇ ਹਨ। ਉਨ੍ਹਾਂ ਮੁਤਾਬਕ, ਕੱਲ੍ਹ ਦੁਪਹਿਰ ਕਰੀਬ 2 ਵਜੇ ਜਦੋਂ ਉਹ ਲੱਲੀਆਂ ਕਲਾਂ ਤੋਂ ਕੱਪੜੇ ਵੇਚ ਕੇ ਵਾਪਸ ਆ ਰਹੇ ਸਨ, ਤਾਂ ਰਾਹ ਵਿੱਚ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਲੁਟੇਰਿਆਂ ਨੇ ਉਨ੍ਹਾਂ ਦੀ ਧੌਣ ‘ਤੇ ਦਾਤਰ ਰੱਖ ਕੇ ਧਮਕਾਇਆ ਤੇ ਨਕਦੀ ਦੇਣ ਲਈ ਮਜਬੂਰ ਕੀਤਾ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਤੋਂ ਕਰੀਬ 18,500 ਰੁਪਏ ਲੁੱਟ ਲਏ ਅਤੇ ਦਾਤਰ ਨਾਲ ਹਮਲਾ ਕਰਕੇ ਜ਼ਖ਼ਮੀ ਵੀ ਕੀਤਾ। ਉਨ੍ਹਾਂ ਅਨੁਸਾਰ ਤਿੰਨੇ ਲੁਟੇਰੇ ਪੰਜਾਬੀ ਬੋਲ ਰਹੇ ਸਨ। ਪੀੜਤ ਨੇ ਦੱਸਿਆ ਕਿ ਲੁਟੇਰਿਆਂ ਦੇ ਭੱਜਣ ਉਪਰੰਤ ਉਸ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਘਬਰਾ ਕੇ ਰੁਕ ਗਿਆ। ਘਟਨਾ ਸਬੰਧੀ ਜਾਣਕਾਰੀ ਥਾਣਾ ਲਾਂਬੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ।