ਤੁਸੀਂ ਹੀ ਤਾਂ ਕਲੀਅਰੈਂਸ ਦਿੱਤੀ, ਹੁਣ ਖੁਦ ਹੀ ਗੋਲੀ ਚਲਾ ਰਹੇ ਹੋ
ਈਰਾਨੀ ਫੌਜ ਦੀ ਗੋਲੀਬਾਰੀ
Publish Date: Sun, 19 Apr 2026 09:36 PM (IST)
Updated Date: Sun, 19 Apr 2026 09:39 PM (IST)

ਈਰਾਨੀ ਫੌਜ ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਭਾਰਤੀ ਜਹਾਜ਼ ਦੇ ਕਰੂ ਮੈਂਬਰ ਦਾ ਆਡੀਓ ਆਇਆ ਸਾਹਮਣੇ ਜਾਗਰਣ ਨਿਊਜ਼ ਨੈੱਟਵਰਕ ਨਵੀਂ ਦਿੱਲੀ : ਈਰਾਨ ਤੇ ਅਮਰੀਕਾ ’ਚ ਹੋਰਮੁਜ਼ ਸਟ੍ਰੇਟ ’ਤੇ ਕਬਜ਼ਾ ਬਣਾਏ ਰੱਖਣ ਨੂੰ ਲੈ ਕੇ ਚੱਲ ਰਹੀ ਰੱਸਾਕਸ਼ੀ ਵਿਚਾਲੇ ਈਰਾਨ ਵੱਲੋਂ ਬੀਤੇ ਦਿਨ ਦੋ ਭਾਰਤੀ ਝੰਡੇ ਵਾਲੇ ਜਹਾਜ਼ਾਂ ’ਤੇ ਗਨਬੋਟਸ ਨਾਲ ਗੋਲੀਬਾਰੀ ਕੀਤੀ ਗਈ। ਹਾਲਾਂਕਿ ਇਸ ਘਟਨਾ ’ਚ ਕੋਈ ਭਾਰਤੀ ਜ਼ਖ਼ਮੀ ਨਹੀਂ ਹੋਇਆ ਪਰ ਇਕ ਜਹਾਜ਼ ਦਾ ਅੰਸ਼ਕ ਨੁਕਸਾਨ ਜ਼ਰੂਰ ਹੋਇਆ। ਹੁਣ ਫਾਇਰਿੰਗ ਦਾ ਸ਼ਿਕਾਰ ਹੋਏ ਜਹਾਜ਼ ਦੇ ਕਰੂ ਦਾ ਇਕ ਆਡੀਓ ਵੀ ਸਾਹਮਣੇ ਆਇਆ ਹੈ। ਇਸ ’ਚ ਜਹਾਜ਼ ਦਾ ਇਕ ਕਰੂ ਮੈਂਬਰ ਈਰਾਨੀ ਜਲ ਸੈਨਾ ਨਾਲ ਸੰਪਰਕ ਦੀ ਕੋਸ਼ਿਸ਼ ਕਰ ਰਿਹਾ ਤੇ ਚੀਕ ਕੇ ਕਹਿ ਰਿਹਾ ਹੈ ਕਿ ਤੁਸੀਂ ਹੀ ਸਾਨੂੰ ਕਲੀਅਰੈਂਸ ਦਿੱਤੀ ਸੀ ਤੇ ਹੁਣ ਤੁਸੀਂ ਹੀ ਗੋਲੀ ਚਲਾ ਰਹੇ ਹੋ। ਉਂਝ ਇਹ ਪੱਛਮੀ ਏਸ਼ੀਆ ’ਚ ਜੰਗ ਦੌਰਾਨ ਇਹ ਪਹਿਲਾ ਮੌਕਾ ਹੈ ਜਦ ਭਾਰਤੀ ਝੰਡੇ ਵਾਲੇ ਜਹਾਜ਼ ’ਤੇ ਈਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਵੱਲੋਂ ਹਮਲਾ ਕੀਤਾ ਗਿਆ। ਸਾਹਮਣੇ ਆਇਆ ਆਡੀਓ ਸਨਮਾਰ ਹੇਰਾਲਡ ਟੈਂਕਰ ਦਾ ਹੈ। ਇਹ ਜਹਾਜ਼ ਇਰਾਕ ਤੋਂ 20 ਲੱਖ ਟਨ ਕੱਚਾ ਤੇਲ ਲੈ ਕੇ ਭਾਰਤ ਆ ਰਿਹਾ ਸੀ। ਸਮੁੰਦਰੀ ਖੁਫ਼ੀਆ ਏਜੰਸੀ ਟੈਂਕਰ ਟ੍ਰੈਕਰਸ ਵੱਲੋਂ ਸਾਂਝੇ ਕੀਤੇ ਗਏ ਇਸ 30 ਸੈਕਿੰਡ ਦੇ ਆਡੀਓ ’ਚ ਇਸ ਭਾਰਤੀ ਟੈਂਕਰ ਦਾ ਇਕ ਕਰੂ ਮੈਂਬਰ ਈਰਾਨੀ ਜਲ ਸੈਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਚੀਕ ਕੇ ਕਹਿ ਰਿਹਾ ਹੈ,‘ਸਿਪਹ ਨੇਵੀ, ਸਿਪਹ ਨੇਵੀ, ਮੈਂ ਮੋਟਰ ਟੈਂਕਰ ਸਨਮਾਰ ਹੇਰਾਲਡ ਤੋਂ ਬੋਲ ਰਿਹਾ ਹਾਂ। ਤੁਸੀਂ ਹੀ ਮੈਨੂੰ ਅੱਗੇ ਵਧਣ ਦੀ ਕਲੀਅਰੈਂਸ ਦਿੱਤੀ ਸੀ। ਤੁਹਾਡੀ ਲਿਸਟ ’ਚ ਮੇਰਾ ਨਾਂ ਦੂਜੇ ਨੰਬਰ ’ਤੇ ਹੈ ਪਰ ਹੁਣ ਤੁਸੀਂ ਸਾਡੇ ’ਤੇ ਫਾਇਰਿੰਗ ਕਰ ਰਹੇ ਹੋ। ਸਾਨੂੰ ਵਾਪਸ ਮੁੜਨ ਦਿਓ।’ ਗੋਲੀਬਾਰੀ ਦੇ ਸਮੇਂ ਹੋਰਮੁਜ਼ ਸਟ੍ਰੇਟ ਦੇ ਗ੍ਰੀਨ ਏਰੀਆ ’ਚ ਸੀ ਜਹਾਜ਼ ਐੱਨਬੀਸੀ ਦੀ ਰਿਪੋਰਟ ਅਨੁਸਾਰ ਜਿਸ ਸਮੇਂ ਜਹਾਜ਼ ’ਤੇ ਗੋਲੀਬਾਰੀ ਹੋਈ, ਉਸ ਸਮੇਂ ਜਹਾਜ਼ ਸਟ੍ਰੇਟ ਦੇ ਸੁਰੱਖਿਅਤ ਮੰਨੇ ਜਾਣ ਵਾਲੇ ਗ੍ਰੀਨ ਏਰੀਆ ’ਚ ਸੀ। ਦੱਸਿਆ ਜਾਂਦਾ ਹੈ ਕਿ ਜਹਾਜ਼ ਨੇ ਆਪਣੀ ਪਛਾਣ ਲੁਕਾਉਣ ਲਈ ਏਆਈਐੱਸ ਸਿਸਟਮ ਬੰਦ ਕੀਤਾ ਹੋਇਆ ਸੀ ਪਰ ਪੂਰਬੀ ਕਿਨਾਰੇ ’ਤੇ ਪੁਹੰਚਦੇ ਹੀ ਇਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਹੋਰਮੁਜ਼ ਸਟ੍ਰੇਟ ਦੇ ਗ੍ਰੀਨ ਜ਼ੋਨ ਤੋਂ ਭਾਵ ਉਸ ਸੁਰੱਖਿਅਤ ਮਾਨਤਾ ਪ੍ਰਾਪਤ ਰਸਤੇ ਤੋਂ ਹੈ, ਜਿਸ ਦੀ ਵਰਤੋਂ ਕਮਰਸ਼ੀਅਲ ਜਹਾਜ਼ਾਂ (ਵਪਾਰਕ ਟੈਂਕਰਾਂ) ਵੱਲੋਂ ਸੁਰੱਖਿਅਤ ਤੌਰ ’ਤੇ ਤੇਲ ਤੇ ਮਾਲ ਟ੍ਰਾਂਸਪੋਰਟ ਲਈ ਕੀਤਾੀ ਜਾਂਦੀ ਹੈ। ਈਰਾਨ ਨੇ ਪ੍ਰਸਾਰਣ ਕਰਕੇ ਕਿਹਾ-ਹੋਰਮੁਜ਼ ਸਟ੍ਰੇਟ ਹੁਣ ਮੁੜ ਪੂਰੀ ਤਰ੍ਹਾਂ ਬੰਦ ਸੂਤਰਾਂ ਅਨੁਸਾਰ ਖੇਤਰ ’ਚ ਕਈ ਜਹਾਜ਼ਾਂ ਨੇ ਵੀਐੱਚਐੱਫ ਪ੍ਰਸਾਰਣ ਵੀ ਸੁਣਿਆ, ਜਿਸ ’ਚ ਈਰਾਨ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਅਮਰੀਕਾ ਨਾਲ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਪੂਰੀ ਤਰ੍ਹਾਂ ਨਾਲ ਬੰਦ ਐਲਾਨ ਕੀਤਾ ਜਾਂਦਾ ਹੈ। ਇਸ ’ਚ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਜਹਾਜ਼ ਨੂੰ ਹੋਰਮੁਜ਼ ਤੋਂ ਲੰਘਣ ਦੀ ਇਜਾਜ਼ਤ ਨਹੀਂ ਹੈ। ਪੀਟੀਆਈ ਅਨੁਸਾਰ ਇਸ ਗੋਲੀਬਾਰੀ ਤੋਂ ਬਾਅਦ ਭਾਰਤ ਆ ਰਹੇ 14 ਜਹਾਜ਼ਾਂ ਦੇ ਕਾਫਲੇ ’ਚੋਂ 13 ਨੂੰ ਵਾਪਸ ਮੁੜਨਾ ਪਿਆ ਸੀ।