24 ਨੂੰ ਹੋਣ ਵਾਲੀ ਰੂਟੀਨ ਡ੍ਰਿੱਲ ਤੋਂ ਘਬਰਾਉਣ ਦੀ ਲੋੜ : ਡੀਸੀ
24 ਅਪ੍ਰੈਲ ਨੂੰ ਕੇਵਲ ਖਾਲਸਾ ਕਾਲਜ ਫਾਰ ਵੂਮੈਨ ਕੈਂਪਸ 'ਚ ਹੋਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼
Publish Date: Thu, 23 Apr 2026 08:39 PM (IST)
Updated Date: Thu, 23 Apr 2026 08:43 PM (IST)

-ਖ਼ਾਲਸਾ ਕਾਲਜ ਵੂਮੈਨ ਤੋਂ ਕਿਸੇ ਹੋਰ ਥਾਂ ਨਹੀਂ ਹੋਵੇਗੀ ਐਕਸਰਸਾਈਜ਼ -ਆਮ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰ ਦੀਆਂ ਹਦਾਇਤਾਂ ਮੁਤਾਬਕ 24 ਅਪ੍ਰੈਲ 2026 ਨੂੰ ਰਾਤ 8 ਵਜੇ ਸਿਰਫ ਖਾਲਸਾ ਕਾਲਜ ਫਾਰ ਵੂਮੈਨ ਕੈਂਪਸ ’ਚ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਇਸ ਸਬੰਧੀ ਇਕ ਮੀਟਿੰਗ ਕਰਦਿਆਂ ਮੌਕ ਡ੍ਰਿੱਲ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ ਤੇ ਕਮਾਂਡੈਂਟ ਜਸਕਰਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਕ ਐਕਸਰਸਾਈਜ਼ ਕੇਵਲ ਖਾਲਸਾ ਕਾਲਜ ਫਾਰ ਵੁਮੈਨ ਦੇ ਕੈਂਪਸ ’ਚ ਹੋਵੇਗੀ। ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਕਿ ਸਾਇਰਨਾਂ (2 ਮਿੰਟ ਲਈ ਉੱਚ-ਨੀਵੀਂ ਆਵਾਜ਼) ਰਾਹੀਂ ਦਿੱਤਾ ਜਾਵੇਗਾ। ਵਾਲੀਆ ਨੇ ਦੱਸਿਆ ਕਿ ਕਾਲਜ ਕੈਂਪਸ ’ਚ ਬਲੈਕਆਊਟ ਕੀਤਾ ਜਾਵੇਗਾ। ਇਸ ਦੌਰਾਨ ਸਾਰੀਆਂ ਲਾਈਟਾਂ ਬੰਦ ਕੀਤੀਆਂ ਜਾਣਗੀਆਂ। ਮੌਕ ਡ੍ਰਿੱਲ ਪੂਰੀ ਹੋਣ ਉਪਰੰਤ ਇੱਕ ‘ਆਲ ਕਲੀਅਰ’ ਸਿਗਨਲ ਵਜਾਇਆ ਜਾਵੇਗਾ (2 ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ), ਜੋ ਡ੍ਰਿੱਲ ਦੀ ਸਮਾਪਤੀ ਦਾ ਸੰਕੇਤ ਹੋਵੇਗਾ। ਵਾਲੀਆ ਨੇ ਦੱਸਿਆ ਕਿ ਇਸ ਦੌਰਾਨ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਅੱਗ ਬੁਝਾਊ ਕਾਰਵਾਈ, ਖੋਜ ਤੇ ਬਚਾਅ ਕਾਰਜ, ਫਸਟ-ਏਡ ਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਕੱਢਣ, ਟ੍ਰੈਫਿਕ ਤੇ ਭੀੜ ਕੰਟਰੋਲ ਦੇ ਉਪਾਵਾਂ ਦੀ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਬਲੈਕ ਆਊਟ ਮੌਕ ਡਰਿੱਲ ਲਈ ਸਿਰਫ ਖਾਲਸਾ ਕਾਲਜ ਫਾਰ ਵੁਮੈਨ ਦੀ ਹੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਕਿਸੇ ਵੀ ਸ਼ਹਿਰ, ਪਿੰਡ ਜਾਂ ਕਿਸੇ ਹੋਰ ਕਿਸੇ ਵੀ ਸਥਾਨ ’ਤੇ ਮੌਕ ਡਰਿੱਲ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਸਿਵਲ ਡਿਫੈਂਸ ਤਿਆਰੀ ਦੀ ਜਾਂਚ ਲਈ ਇਕ ਰੁਟੀਨ ਡ੍ਰਿੱਲ ਹੈ। ਉਨ੍ਹਾਂ ਕਿਹਾ ਕਿ ਅਜਿਹੀ ਡ੍ਰਿੱਲ ਵਿਭਾਗਾਂ ਦੇ ਆਪਸੀ ਤਾਲਮੇਲ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਜਾਗਰੂਕਤਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਮੀਟਿੰਗ ’ਚ ਸਿਵਲ ਸਰਜਨ ਡਾ. ਰਾਜੇਸ਼ ਗਰਗ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ ਤੋਂ ਇਲਾਵਾ ਪੁਲਿਸ, ਸਿਵਲ ਡਿਫੈਂਸ, ਪੀਐੱਸਪੀਸੀਐੱਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।