ਤਿੰਨ ਘੰਟੇ ਬਿਜਲੀ ਬੰਦ ਰਹਿਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ, ਬਿਜਲੀ ਦੀ ਮੰਗ ਵੀ ਵਧੀ
ਤਿੰਨ ਘੰਟੇ ਬਿਜਲੀ ਬੰਦ ਰਹਿਣ ਕਾਰਨ ਸ਼ਹਿਰ ਵਾਸੀ ਪਰੇਸ਼ਾਨ, ਬਿਜਲੀ ਦੀ ਮੰਗ ਵੀ ਵਧੀ
Publish Date: Thu, 23 Apr 2026 10:24 PM (IST)
Updated Date: Thu, 23 Apr 2026 10:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਵਰਕਾਮ ਵੱਲੋਂ ਰੱਖ-ਰਖਾਅ ਦੇ ਕੰਮ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰੱਖੀ ਜਾ ਰਹੀ ਹੈ। ਬਿਜਲੀ ਬੰਦ ਰਹਿਣ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਨਾਂ ਬਿਜਲੀ ਦੇ ਘਰ ’ਚ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਤਾਪਮਾਨ 40 ਡਿਗਰੀ ਤੱਕ ਪੁੱਜਣ ਨਾਲ ਚੱਲ ਰਹੀਆਂ ਗਰਮ ਹਵਾਵਾਂ ਵੀ ਲੋਕਾਂ ਨੂੰ ਤੰਗ ਕਰ ਰਹੀਆਂ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਗਰਮੀ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਵੀਰਵਾਰ ਨੂੰ 28 ਇਲਾਕਿਆਂ ਦੇ ਲੋਕਾਂ ਨੂੰ ਤਿੰਨ ਘੰਟੇ ਬਿਨਾਂ ਬਿਜਲੀ ਦੇ ਰਹਿਣਾ ਪਿਆ। ਦੂਜੇ ਪਾਸੇ ਪਾਵਰਕਾਮ ਦੁਪਹਿਰ ਇਕ ਵਜੇ ਰੱਖ-ਰਖਾਅ ਦੇ ਕੰਮ ’ਚ ਲੱਗਾ ਰਿਹਾ। ਜਿਵੇਂ-ਜਿਵੇਂ ਗਰਮੀ ਵੱਧ ਰਹੀ ਹੈ, ਬਿਜਲੀ ਦੀ ਮੰਗ ਵਿੱਚ ਵੀ ਵਾਧਾ ਹੋ ਰਿਹਾ ਹੈ। ਹੁਣ ਜਲੰਧਰ ਸਰਕਲ ’ਚ ਬਿਜਲੀ ਦੀ ਮੰਗ 610 ਮੈਗਾਵਾਟ ਤੱਕ ਪੁੱਜ ਗਈ ਹੈ, ਜਦਕਿ ਤਿੰਨ ਦਿਨ ਪਹਿਲਾਂ ਇਹ 590 ਮੈਗਾਵਾਟ ਸੀ। ਮੰਨਿਆ ਜਾ ਰਿਹਾ ਹੈ ਕਿ ਗਰਮੀ ਵੱਧਣ ਨਾਲ ਬਿਜਲੀ ਦੀ ਮੰਗ ਹੋਰ ਵੱਧ ਸਕਦੀ ਹੈ। ਇਸ ਵੇਲੇ ਗਰਮੀ ਤੋਂ ਰਾਹਤ ਲਈ ਲੋਕ ਦੁਪਹਿਰ ਅਤੇ ਰਾਤ ਨੂੰ ਏਸੀ ਤੇ ਕੂਲਰ ਵਰਤਣ ਲੱਗ ਪਏ ਹਨ। --------------------- ਗਰਮੀ ’ਚ ਬਿਨਾਂ ਬਿਜਲੀ ਰਹਿਣਾ ਮੁਸ਼ਕਲ ਪ੍ਰਕਾਸ਼ ਐਨਕਲੇਵ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਕਿਹਾ ਕਿ ਪਾਵਰਕਾਮ ਵੱਲੋਂ ਬਿਜਲੀ ਬੰਦ ਰੱਖੀ ਜਾ ਰਹੀ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਰੋਜ਼ਾਨਾ ਇੱਕ ਤੋਂ ਦੋ ਘੰਟੇ ਬਿਜਲੀ ਬੰਦ ਰਹਿੰਦੀ ਹੈ। ਗਰਮ ਹਵਾਵਾਂ ਕਾਰਨ ਬਾਹਰ ਬੈਠਣਾ ਵੀ ਔਖਾ ਹੋ ਜਾਂਦਾ ਹੈ। ਪਿਛਲੇ ਸਾਲ ਵੀ ਇਸੇ ਮਹੀਨੇ ’ਚ ਬਿਜਲੀ ਕੱਟ ਸ਼ੁਰੂ ਹੋ ਗਏ ਸਨ। ਦੂਜੇ ਪਾਸੇ ਰਜਤ ਕੁਮਾਰ ਨੇ ਕਿਹਾ ਕਿ ਪਾਵਰਕਾਮ ਨੂੰ ਪਹਿਲਾਂ ਤਾਰਾਂ ਬਦਲਣ ਤੇ ਟ੍ਰਾਂਸਫਾਰਮਰ ਨੂੰ ਡੀਲੋਡ ਕਰਨ ਦਾ ਕੰਮ ਕਰਨਾ ਚਾਹੀਦਾ ਸੀ। ਗਰਮੀ ਦੇ ਦਿਨਾਂ ’ਚ ਹੀ ਰੱਖ-ਰਖਾਅ ਕਰਨ ਨਾਲ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ। ------------------------- 24 ਅਪ੍ਰੈਲ ਨੂੰ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ ਸ਼ੁੱਕਰਵਾਰ ਨੂੰ ਸੋਫੀ ਪਿੰਡ, ਆਬਾਦੀ ਖੇਤਰ, ਜੇਪੀ ਨਗਰ, ਹਰਬੰਸ ਨਗਰ, ਨਿਊ ਹਰਬੰਸ ਨਗਰ, ਬਸਤੀ ਮਿੱਠੂ ਰੋਡ, ਚੋਪੜਾ ਕਾਲੋਨੀ, ਗੁਰੂ ਨਾਨਕ ਨਗਰ, ਬਾਦਸ਼ਾਹਪੁਰ, ਕੁੱਕੀ ਢਾਬਾ, ਸੁਦਾਮਾ ਵਿਹਾਰ, ਰਾਕੀ ਕਾਲੋਨੀ, ਰਿਹਾਇਸ਼ੀ ਵਿਹਾਰ ਅਤੇ ਮਕਸੂਦਪੁਰਾ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ---------------------------- ਸਮੇਂ-ਸਮੇਂ ਤੇ ਰੱਖ-ਰਖਾਅ ਕਰਨਾ ਜ਼ਰੂਰੀ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ-ਸਮੇਂ ਤੇ ਰੱਖ-ਰਖਾਅ ਕਰਨਾ ਲਾਜ਼ਮੀ ਹੈ। ਜੇ ਮੁਰੰਮਤ ਨਾ ਕੀਤੀ ਜਾਵੇ ਤਾਂ ਵੱਡਾ ਫਾਲਟ ਆ ਸਕਦਾ ਹੈ। ਨਵੀਆਂ ਤਾਰਾਂ ਲਾਉਣ ਦੇ ਨਾਲ ਟ੍ਰਾਂਸਫਾਰਮਰ ਨੂੰ ਡੀਲੋਡ ਕਰਨ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਕਰਕੇ ਬਿਜਲੀ ਬੰਦ ਰੱਖੀ ਜਾ ਰਹੀ ਹੈ। ਟ੍ਰਾਂਸਫਾਰਮਰ ਦੀ ਸਮਰੱਥਾ ਵਧਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਫਾਲਟ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।