ਦੀਵਾਲੀ ਤੋਂ ਪਹਿਲਾਂ ਕਾਰੋਬਾਰ ਨਾਲ ਸ਼ਹਿਰ ਦੇ ਬਾਜ਼ਾਰ ਰੌਸ਼ਨ
-ਆਟੋ ਸੈਕਟਰ ਤੋਂ ਲੈ ਕੇ ਇਲੈਕਟ੍ਰਾਨਿਕਸ ਤੇ ਗਿਫਟ ਮਾਰਕੀਟ ’ਚ ਹੋਈ ਖੂਬ ਖ਼ਰੀਦਦਾਰੀ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਇਕ ਤਾਂ ਐਤਵਾਰ ਯਾਨੀ ਛੁੱਟੀ ਦਾ ਦਿਨ, ਦੂਜਾ ਦੀਵਾਲੀ ਦੇ ਤਿਉਹਾਰ ਦੀ ਪਹਿਲੀ ਸ਼ਾਮ। ਇਸ ਕਰ ਕੇ ਸ਼ਹਿਰ ਦੇ ਬਜ਼ਾਰਾਂ ਦਾ ਰੂਪ ਹੀ ਬਦਲ ਗਿਆ। ਹਰ ਪਾਸੇ ਮਾਰਕੀਟਾਂ ਤੋਂ ਲੈ ਕੇ ਮਾਲਜ਼ ਤੱਕ ਤੇ ਸੜਕਾਂ ਦੇ ਕਿਨਾਰੇ ਲੱਗੀਆਂ ਛੋਟੀਆਂ ਦੁਕਾਨਾਂ ਤੱਕ ਹਰ ਕੋਈ ਖਰੀਦਦਾਰੀ ’ਚ ਰੁੱਝਿਆ ਹੋਇਆ ਸੀ। ਕੋਈ ਬਰਤਨ ਖਰੀਦ ਰਿਹਾ ਸੀ ਤਾਂ ਕੋਈ ਦੀਵਾਲੀ ’ਤੇ ਭਗਵਾਨ ਸ਼੍ਰੀ ਗਣੇਸ਼ ਤੇ ਮਾਤਾ ਲੱਕਸ਼ਮੀ ਦੀ ਪੂਜਾ ਲਈ ਸਮੱਗਰੀ ਲੈ ਰਿਹਾ ਸੀ। ਇਸ ਦੌਰਾਨ ਘਰ ਨੂੰ ਰੌਸ਼ਨ ਕਰਨ ਲਈ ਦੀਵੇ, ਇਲੈਕਟ੍ਰਿਕ ਲੜੀਆਂ ਤੇ ਐੱਲਈਡੀ ਲਾਈਟਾਂ ਦੀ ਖਰੀਦ ਹੋ ਰਹੀ ਸੀ। ਖ਼ਾਸ ਗੱਲ ਇਹ ਰਹੀ ਕਿ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਖਰੀਦਦਾਰਾਂ ਦੀ ਭੀੜ ਇੱਕੋ ਜਿਹੀ ਬਣੀ ਰਹੀ। ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਸ਼ਹਿਰ ਦੇ ਬਜ਼ਾਰ ਚੰਗੇ ਕਾਰੋਬਾਰ ਨਾਲ ਰੌਸ਼ਨ ਹੋ ਗਏ।
ਆਟੋ ਮਾਰਕੀਟ ਤੋਂ ਲੈ ਕੇ ਇਲੈਕਟ੍ਰਾਨਿਕ ਤੇ ਇਲੈਕਟ੍ਰਿਕ ਮਾਰਕੀਟਾਂ ਤੇ ਗਿਫ਼ਟ ਬਜ਼ਾਰਾਂ ਦੀ ਰੌਣਕ ਦੇਖਣ ਵਾਲੀ ਸੀ। ਦੀਵਾਲੀ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੇ ਬਜ਼ਾਰਾਂ ਦੀਆਂ ਦੁਕਾਨਾਂ ਸਵੇਰੇ ਹੀ ਖੁੱਲ ਗਈਆਂ, ਜਿੱਥੇ ਖਰੀਦਦਾਰ ਆਉਣੇ ਸ਼ੁਰੂ ਹੋ ਗਏ। ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਬਜ਼ਾਰਾਂ ਦੀ ਭੀੜ ਤੇ ਰੌਣਕ ਵੀ ਵਧਦੀ ਗਈ। ਕੋਈ ਘਰ ਸਜਾਉਣ ਲਈ ਸਾਮਾਨ ਖਰੀਦ ਰਿਹਾ ਸੀ, ਕੋਈ ਮਠਿਆਈਆਂ। ਕਿਸੇ ਨੇ ਪੂਜਾ ਸਮੱਗਰੀ ਲਈ ਖਰੀਦਦਾਰੀ ਕੀਤੀ ਤਾਂ ਕਿਸੇ ਨੇ ਆਪਣੇ ਸਬੰਧੀਆਂ ਨੂੰ ਦੇਣ ਲਈ ਤੋਹਫ਼ੇ ਖਰੀਦੇ। ਸ਼ਹਿਰ ਦੇ ਪੁਰਾਣੇ ਬਜ਼ਾਰਾਂ ਤੋਂ ਲੈ ਕੇ ਮਾਲਜ਼ ਤੇ ਪੌਸ਼ ਇਲਾਕਿਆਂ ਦੀਆਂ ਮਾਰਕੀਟਾਂ ਤੱਕ, ਇੱਥੋਂ ਤੱਕ ਕਿ ਗਲੀਆਂ ਤੇ ਮੁਹੱਲਿਆਂ ਦੀਆਂ ਦੁਕਾਨਾਂ ’ਤੇ ਵੀ ਦਿਨ ਭਰ ਦੀਵਾਲੀ ਦੀ ਖਰੀਦਦਾਰੀ ਜ਼ੋਰਾਂ ’ਤੇ ਰਹੀ। ਧਨਤੇਰਸ, ਛੋਟੀ ਦੀਵਾਲੀ ਤੇ ਵੱਡੀ ਦੀਵਾਲੀ ਨੂੰ ਲੈ ਕੇ ਹਰ ਰੋਜ਼ ਬਜ਼ਾਰਾਂ ’ਚ ਭੀੜ ਉਮੜ ਰਹੀ ਹੈ, ਜਿਸ ’ਚ ਹਰ ਕਿਸਮ ਦੀ ਖਰੀਦਦਾਰੀ ਉਤਸ਼ਾਹ ਨਾਲ ਕੀਤੀ ਜਾ ਰਹੀ ਹੈ।
ਜਿਉਲਰੀ ਤੋਂ ਲੈ ਕੇ ਇਲੈਕਟ੍ਰਾਨਿਕ ਮਾਰਕੀਟਾਂ ’ਚ ਹੋ ਰਹੀ ਡਲਿਵਰੀ
ਧਨਤੇਰਸ, ਛੋਟੀ ਦੀਵਾਲੀ ਤੇ ਵੱਡੀ ਦੀਵਾਲੀ ਦੇ ਦਿਨ ਹਰ ਕਿਸਮ ਦੀ ਖਰੀਦਦਾਰੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇਸੀ ਕਾਰਨ ਧਨਤੇਰਸ ਤੋਂ ਬਾਅਦ ਐਤਵਾਰ ਨੂੰ ਜਿਉਲਰੀ ਮਾਰਕੀਟਾਂ ’ਚ ਡਿਲਿਵਰੀ ਲੈਣ ਵਾਲਿਆਂ ਦੀ ਭੀੜ ਰਹੀ। ਕੇਸ਼ਵ ਜਿਉਲਰਜ਼ ਦੇ ਵਰੁਣ ਚੋਪੜਾ ਨੇ ਦੱਸਿਆ ਕਿ ਪਿਛਲੇ ਹਫ਼ਤੇ ਜਿਨ੍ਹਾਂ ਲੋਕਾਂ ਨੇ ਆਪਣੀ ਪਸੰਦੀਦਾ ਜਿਉਲਰੀ ਦੀ ਬੁਕਿੰਗ ਕਰਵਾਈ ਸੀ, ਉਨ੍ਹਾਂ ਨੇ ਸ਼ਨਿੱਚਰਵਾਰ, ਐਤਵਾਰ ਤੇ ਸੋਮਵਾਰ ਨੂੰ ਡਿਲਿਵਰੀ ਲਈ ਤਰੀਕਾਂ ਨਿਰਧਾਰਤ ਕੀਤੀਆਂ ਹਨ। ਧਵਨ ਜਿਉਲਰਜ਼ ਦੇ ਕੁਲਭੂਸ਼ਣ ਧਵਨ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਸੋਨੇ-ਚਾਂਦੀ ਦੀਆਂ ਵਧੀਆਂ ਕੀਮਤਾਂ ਦਾ ਵਿਕਰੀ ’ਤੇ ਕੋਈ ਅਸਰ ਨਹੀਂ ਪਿਆ।
ਹਰ ਕਿਸਮ ਦੀ ਗਿਫ਼ਟ ਮਾਰਕੀਟ ਤੇ ਮਠਿਆਈਆਂ ਦੀਆਂ ਦੁਕਾਨਾਂ ਰਹੀਆਂ ਰੌਣਕ ਭਰੀਆਂ
ਬੁੱਧਵਾਰ ਨੂੰ ਕ੍ਰੋਕਰੀ, ਹੈਂਡਲੂਮ, ਡਰਾਈ ਫਰੂਟ, ਚਾਕਲੇਟ, ਕੋਲਡ ਡ੍ਰਿੰਕ ਤੇ ਬੇਕਰੀ ਉਤਪਾਦਾਂ ਤੋਂ ਲੈ ਕੇ ਮਿਠਾਈ ਦੀਆਂ ਦੁਕਾਨਾਂ ਤੱਕ ਤੋਹਫ਼ੇ ਖਰੀਦਣ ਵਾਲਿਆਂ ਦੀ ਭੀੜ ਰਹੀ। ਸਾਹਨੀ ਸਵੀਟਸ ਦੇ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਵਾਰ ਲੋਕਾਂ ਨੇ ਦੀਵਾਲੀ ਲਈ ਖਾਸ ਕੇਕ ਦੀ ਬੁਕਿੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਦੇਸੀ ਘਿਓ ਦੇ ਬਿਸਕੁਟ, ਪਲਮ ਕੇਕ, ਡਰਾਈ ਫਰੂਟ ਕੇਕ, ਡਰਾਈ ਫਰੂਟ ਤੇ ਬਿਸਕੁਟਾਂ ਦੇ ਗਿਫ਼ਟ ਪੈਕ ਵੀ ਤਿਆਰ ਕੀਤੇ ਗਏ ਹਨ, ਜਿਨ੍ਹਾਂ ਦੀ ਬੁਕਿੰਗ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ।
ਪਹਿਲੀ ਵਾਰ ਉਤਾਰੀ ਗਈ ਸੰਪੂਰਨ ਸਮੱਗਰੀ ਦੀ ਥਾਲੀ
ਸੇਵਕ ਧੂਪ ਫੈਕਟਰੀ ਦੇ ਪ੍ਰਿੰਸ ਸ਼ਰਮਾ ਨੇ ਦੱਸਿਆ ਕਿ ਪਹਿਲੀ ਵਾਰ ਸ਼੍ਰੀ ਗਣੇਸ਼ ਤੇ ਮਾਤਾ ਲਕਸ਼ਮੀ ਦੀ ਪੂਜਾ ਲਈ ਸੰਪੂਰਨ ਪੂਜਾ ਸਮੱਗਰੀ ਦੀ ਥਾਲੀ ਤਿਆਰ ਕੀਤੀ ਗਈ ਹੈ, ਜਿਸ ’ਚ ਮਾਤਾ ਲਕਸ਼ਮੀ ਪੂਜਾ ਲਈ ਪ੍ਰੰਪਰਿਕ ਸਾਮਾਨ ਸ਼ਾਮਲ ਹੈ। ਇਸ ਤੋਂ ਇਲਾਵਾ ਘਰ ਸਜਾਉਣ ਲਈ ਜੈਪੁਰ ਤੇ ਦਿੱਲੀ ਤੋਂ ਵੀ ਸਾਮਾਨ ਮੰਗਵਾਇਆ ਗਿਆ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।
ਮਾਰਕੀਟ ਐਸੋਸੀਏਸ਼ਨਾਂ ਨੇ ਲਾਈਟਿੰਗ ਨਾਲ ਰੌਸ਼ਨ ਕੀਤੇ ਬਾਜ਼ਾਰ
ਦੀਵਾਲੀ ਨੂੰ ਧਿਆਨ ’ਚ ਰੱਖਦੇ ਹੋਏ ਸ਼ਹਿਰ ਦੀਆਂ ਮਾਰਕੀਟ ਐਸੋਸੀਏਸ਼ਨਾਂ ਨੇ ਖਾਸ ਤਿਆਰੀਆਂ ਕੀਤੀਆਂ ਹਨ। ਇਸ ਤਹਿਤ ਮਾਡਲ ਟਾਊਨ ਮਾਰਕੀਟ, ਰੈਣਕ ਬਾਜ਼ਾਰ, ਸ਼ੇਖਾਂ ਬਜ਼ਾਰ, ਅਟਾਰੀ ਬਾਜ਼ਾਰ, ਸਹਦੇਵ ਮਾਰਕੀਟ, ਜੀਟੀ ਰੋਡ, ਜਵਾਹਰ ਨਗਰ ਮਾਰਕੀਟ ਸਮੇਤ ਕਈ ਇਲਾਕਿਆਂ ’ਚ ਐਸੋਸੀਏਸ਼ਨਾਂ ਵੱਲੋਂ ਵਿਸ਼ੇਸ਼ ਲਾਈਟਿੰਗ ਕੀਤੀ ਗਈ ਹੈ।