29 ਦੀ ਰੈਲੀ ’ਚ ਪੁੱਜੇਗੀ ਸੀਟੂ ਤਹਿਸੀਲ ਕਮੇਟੀ
ਸੀਟੂ ਤਹਿਸੀਲ ਕਮੇਟੀ ਜਲੰਧਰ 29 ਮਈ ਦੀ ਸੁਬਾਈ ਰੈਲੀ ’ਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰੇਗੀ
Publish Date: Fri, 08 May 2026 09:55 PM (IST)
Updated Date: Fri, 08 May 2026 09:56 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੀਟੂ ਦੀ ਤਹਿਸੀਲ ਕਮੇਟੀ ਜਲੰਧਰ ਦੀ ਮੀਟਿੰਗ ਕਾਮਰੇਡ ਗਿਆਨ ਚੰਦ ਦੀ ਪ੍ਰਧਾਨਗੀ ਹੇਠ ਸੀਟੂ ਦਫ਼ਤਰ ਜਲੰਧਰ ਵਿਖੇ ਹੋਈ। ਮੀਟਿੰਗ ਦੌਰਾਨ ਮਜ਼ਦੂਰ ਮਸਲਿਆਂ ਤੇ ਆਉਣ ਵਾਲੇ ਸੰਘਰਸ਼ੀ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੀਟੂ ਆਗੂ ਨਸੀਬ ਚੰਦ ਬੱਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾਈ ਲੀਡਰਸ਼ਿਪ ਵੱਲੋਂ ਤਹਿ ਕੀਤੇ ਗਏ ਪ੍ਰੋਗਰਾਮਾਂ ਨੂੰ ਤਹਿਸੀਲ ਕਮੇਟੀ ਵੱਲੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 29 ਮਈ ਨੂੰ ਜਲੰਧਰ ਵਿਖੇ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੱਕੀ ਮੰਗਾਂ ਸਬੰਧੀ ਵਿਸ਼ਾਲ ਸਾਂਝੀ ਸੁਬਾਈ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸੀਟੂ ਤਹਿਸੀਲ ਜਲੰਧਰ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਮੀਟਿੰਗ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ ਲੇਬਰ ਵਿਭਾਗ ਵੱਲੋਂ ਮਜ਼ਦੂਰਾਂ ਦੇ ਕੰਮਾਂ ਵਿੱਚ ਬੇਲੋੜੀਆਂ ਰੁਕਾਵਟਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਕਾਰਨ ਘੱਟ ਪੜ੍ਹੇ-ਲਿਖੇ ਮਜ਼ਦੂਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਆਫਲਾਈਨ ਪ੍ਰਣਾਲੀ ਵੀ ਲਾਗੂ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਹੋ ਰਹੀਆਂ ਹਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਸੇਵਾ ਕੇਂਦਰਾਂ ਵਿੱਚ ਵੱਧ ਭੀੜ ਕਾਰਨ ਵੀ ਮਜ਼ਦੂਰਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ। ਮੀਟਿੰਗ ਵਿੱਚ ਦੇਸ਼ ਦੇ ਮੌਜੂਦਾ ਹਾਲਾਤਾਂ ’ਤੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਪੱਛਮੀ ਬੰਗਾਲ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੀਟੂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦੇ ਕੇ ਮੰਗ ਪੱਤਰ ਵੀ ਸੌਂਪੇ ਜਾਣਗੇ। ਇਸ ਮੌਕੇ ਕਾਮਰੇਡ ਵੀਵੀ ਐਂਥਨੀ, ਕਾਮਰੇਡ ਨਰਿੰਦਰ ਜੌਹਲ, ਰਾਮ ਪ੍ਰਕਾਸ਼ ਧੀਣਾ, ਪ੍ਰਭ ਦਿਆਲ, ਨਸੀਬ ਚੰਦ ਬੱਬੀ, ਸਤਿਆ ਦੇਵੀ, ਪਰਮਜੀਤ ਸੰਸਾਰਪੁਰ, ਸਰਬਜੀਤ ਜੌਹਲ, ਬਿਮਲਾ ਦੇਵੀ, ਸੁਰਿੰਦਰ ਕੌਰ, ਸੁਰਜੀਤ ਕੌਰ ਤੇ ਹੋਰ ਆਗੂ ਹਾਜ਼ਰ ਸਨ।