ਬੱਚਿਆਂ ਦੇ ਝਗੜੇ ਨੇ ਧਾਰਨ ਕੀਤਾ ਹਿੰਸਕ ਰੂਪ, ਇੱਟ ਲੱਗਣ ਨਾਲ ਔਰਤ ਜ਼ਖ਼ਮੀ
ਬੱਚਿਆਂ ਦੇ ਝਗੜੇ ਨੇ ਧਾਰਨ ਕੀਤਾ ਹਿੰਸਕ ਰੂਪ, ਇੱਟ ਲੱਗਣ ਨਾਲ ਮਹਿਲਾ ਜ਼ਖ਼ਮੀ
Publish Date: Mon, 11 May 2026 10:02 PM (IST)
Updated Date: Mon, 11 May 2026 10:03 PM (IST)

-ਨੂਰਪੁਰ ਕਾਲੋਨੀ ’ਚ ਗੁਆਂਢੀਆਂ ਵਿਚਾਲੇ ਪੁਰਾਣਾ ਵਿਵਾਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੂਰਪੁਰ ਕਾਲੋਨੀ ਵਿੱਚ ਬੱਚਿਆਂ ਦੇ ਛੋਟੇ ਜਿਹੇ ਝਗੜੇ ਨੇ ਹਿੰਸਕ ਰੂਪ ਧਾਰਨ ਕਰ ਲਿਆ ਅਤੇ ਦੋ ਪਰਿਵਾਰਾਂ ਵਿਚਕਾਰ ਤਕਰਾਰ ਤੋਂ ਬਾਅਦ ਇੱਟਾਂ ਚੱਲ ਗਈਆਂ। ਇਸ ਘਟਨਾ ’ਚ ਇਕ ਔਰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸਦੇ ਸਿਰ ’ਤੇ ਸੱਟ ਲੱਗੀ ਹੈ। ਜ਼ਖ਼ਮੀ ਦਾ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ, ਜਿੱਥੇ ਉਸ ਦੇ ਸਿਰ ‘ਤੇ ਚਾਰ ਟਾਂਕੇ ਲੱਗੇ ਗਏ। ਜ਼ਖ਼ਮੀ ਰਜਨੀ ਨੇ ਦੱਸਿਆ ਕਿ ਇਲਾਕੇ ਵਿੱਚ ਬੱਚੇ ਆਪਸ ਵਿੱਚ ਝਗੜ ਰਹੇ ਸਨ। ਉਹ ਉਨ੍ਹਾਂ ਨੂੰ ਸਮਝਾਉਣ ਤੇ ਝਿੜਕਣ ਲਈ ਬਾਹਰ ਆਈ ਸੀ। ਦੋਸ਼ ਹੈ ਕਿ ਇਸ ਦੌਰਾਨ ਗੁਆਂਢੀ ਆਪਣੇ ਘਰ ਦੀ ਛੱਤ ‘ਤੇ ਚੜ੍ਹ ਗਏ ਅਤੇ ਉਨ੍ਹਾਂ ਨੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਸਿੱਧੀ ਰਜਨੀ ਦੇ ਸਿਰ ’ਤੇ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਈ। ਪੀੜਤਾ ਦੀ ਧੀ ਨੇ ਦੱਸਿਆ ਕਿ ਗੁਆਂਢੀਆਂ ਨਾਲ ਪਿਛਲੇ ਕਰੀਬ ਇੱਕ ਸਾਲ ਤੋਂ ਪਾਣੀ ਦੀ ਨਿਕਾਸੀ ਤੇ ਸੀਵਰੇਜ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਸ ਦਾ ਦੋਸ਼ ਹੈ ਕਿ ਗੁਆਂਢੀਆਂ ਨੇ ਸਰਕਾਰੀ ਸੀਵਰੇਜ ਵੀ ਬੰਦ ਕਰਵਾ ਦਿੱਤਾ ਸੀ, ਜਿਸ ਕਾਰਨ ਕਈ ਵਾਰ ਦੋਵਾਂ ਧਿਰਾਂ ਵਿਚਾਲੇ ਬਹਿਸ ਅਤੇ ਝਗੜਾ ਹੋ ਚੁੱਕਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਵਿਵਾਦ ਲਗਾਤਾਰ ਵਧਦਾ ਗਿਆ। ਘਟਨਾ ਤੋਂ ਬਾਅਦ ਜ਼ਖ਼ਮੀ ਮਹਿਲਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਪੀੜਤ ਪਰਿਵਾਰ ਨੇ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਬਾਰਾ ਹਮਲੇ ਦਾ ਡਰ ਹੈ ਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਥਾਣਾ ਮਕਸੂਦਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।