ਖੋਖਲਾ ਦਾਅਵਾ ਸਾਬਤ ਹੋਵੇਗਾ 'ਆਪ੍ਰੇਸ਼ਨ ਪ੍ਰਹਾਰ' : ਪਰਗਟ ਸਿੰਘ
328 ਲਾਪਤਾ ਸਵਰੂਪਾਂ ਦੇ ਮਾਮਲੇ 'ਚ ਮੁਆਫ਼ੀ ਮੰਗੇ ਮੁੱਖ ਮੰਤਰੀ ਮਾਨ, ਕਰਨ ਪਛਤਾਵਾ : ਪਰਗਟ ਸਿੰਘ
Publish Date: Tue, 20 Jan 2026 07:11 PM (IST)
Updated Date: Tue, 20 Jan 2026 07:12 PM (IST)

-ਕਿਹਾ, 328 ਲਾਪਤਾ ਸਰੂਪਾਂ ਦੇ ਮਾਮਲੇ ’ਚ ਮਾਫ਼ੀ ਮੰਗਣ ਮੁੱਖ ਮੰਤਰੀ ਮਾਨ -ਵਿਧਾਇਕ ਨੇ ਬੇਕਾਬੂ ਹੋ ਚੁੱਕੀ ਕਾਨੂੰਨ ਵਿਵਸਥਾ ’ਤੇ ਕਸਿਆ ਵਿਅੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਰਾਜਾ ਸਾਹਿਬ ਗੁਰਦੁਆਰਾ ਬੰਗਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਗੁਮ ਹੋਣ ਦੇ ਚੱਲ ਰਹੇ ਵਿਵਾਦ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾ ਸਿਰਫ਼ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਸਗੋਂ ਪਛਤਾਵਾ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲਾਪਤਾ ਸਰੂਪਾਂ ਦਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਾਮਲਾ ਹੈ, ਬੇਅਦਬੀ ਦਾ ਮਾਮਲਾ ਨਹੀਂ। ਇਹ ਮੰਦਭਾਗਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 169 ਲਾਪਤਾ ਸਰੂਪਾਂ ਦੀ ਬਰਾਮਦਗੀ ਬਾਰੇ ਗੁੰਮਰਾਹਕੁੰਨ ਬਿਆਨ ਦਿੱਤਾ ਤੇ ਸਰਕਾਰ ਨੇ ਇਸ ਮੁੱਦੇ ’ਤੇ ਯੂ-ਟਰਨ ਲੈ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ’ਤੇ ਯੂ-ਟਰਨ ਲੈਂਦੀ ਹੈ। ਮਾਘੀ ਮੇਲੇ ਦੌਰਾਨ ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਗੁੰਮ ਹੋਏ 328 ਸਰੂਪਾਂ ’ਚੋਂ 169 ਬੰਗਾ ਨੇੜੇ ਬਰਾਮਦ ਹੋ ਗਏ ਹਨ ਪਰ ਇਸ ’ਚ ਕੋਈ ਸੱਚਾਈ ਨਹੀਂ ਸੀ। ਸੀਐੱਮ ਮਾਨ ਨੇ ਝੂਠੇ ਬਿਆਨਾਂ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਬਾਅਦ ’ਚ ਪੰਜਾਬ ਸਰਕਾਰ ਨੂੰ ਇਸ ਮਾਮਲੇ ਤੇ ਯੂ-ਟਰਨ ਲੈਣਾ ਪਿਆ। ਸਰਕਾਰ ਨੇ ਮੰਨਿਆ ਕਿ ਸਰੂਪ ਨਹੀਂ ਮਿਲੇ। ਇਸ ਮਾਮਲੇ ’ਚ ਝੂਠ ਬੋਲਣ ਵਾਲੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਪਰਗਟ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਪ੍ਰਹਾਰ ’ਤੇ ਵੀ ਵਿਅੰਗ ਕੱਸਦਿਆਂ ਕਿਹਾ ਕਿ ਸਰਕਾਰ ਇਕ ਹੋਰ ਦਾਅਵਾ ਖੋਖਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਦਾਅਵਾ ਕਰਦੇ ਹੋਏ ਨਸ਼ਿਆਂ ਵਿਰੁੱਧ ਜੰਗ ਸ਼ੁਰੂ ਕੀਤੀ ਸੀ। ਦੋ-ਪੜਾਅ ਦੀ ਮੁਹਿੰਮ ਦੇ ਬਾਵਜੂਦ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ। ਜਗਰਾਓਂ ਕੋਲ ਇਕ ਪਿੰਡ ’ਚ ਇੱਕੋ ਪਰਿਵਾਰ ਦੇ 6 ਮੈਂਬਰ ਨਸ਼ਿਆਂ ਦਾ ਸ਼ਿਕਾਰ ਹੋ ਗਏ। ਸਰਕਾਰ ਇਸ ਮੁੱਦੇ ’ਤੇ ਕਿਉਂ ਚੁੱਪ ਹੈ ਤੇ ਇਸ ਦਾ ਜਵਾਬ ਦੇਣ ਤੋਂ ਅਸਮਰੱਥ ਹੈ। ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹੱਲ ਕਰਨ ਲਈ ਹੁਣ ਆਪ੍ਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੈਂਗਸਟਰਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਪਰ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਪੰਜਾਬ ’ਚ ਗੈਂਗਸਟਰਾਂ ਨੂੰ ਪਨਾਹ ਦੇ ਰਹੀ ਹੈ। ਹੁਣ ਜਨਤਾ ਨੂੰ ਦੁਬਾਰਾ ਗੁਮਰਾਹ ਕੀਤਾ ਜਾਵੇਗਾ।