ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਅੱਜ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਅੱਜ
Publish Date: Wed, 06 May 2026 07:24 PM (IST)
Updated Date: Wed, 06 May 2026 07:26 PM (IST)

-ਡੀਸੀ, ਸੀਪੀ ਤੇ ਹਲਕਾ ਇੰਚਾਰਜ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ -ਸਵੇਰੇ 8 ਵਜੇ ਜਲੰਧਰ ਸੈਂਟਰਲ ਤੋਂ ਹੋਵੇਗਾ ਪ੍ਰੋਗਰਾਮ ਦਾ ਆਗਾਜ਼ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ “ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026” ਦੇ ਪਾਸ ਹੋਣ ਉਪਰੰਤ ਸ਼ੁਰੂ ਕੀਤੀ ਗਈ ‘ਸ਼ੁਕਰਾਨਾ ਯਾਤਰਾ’ ਸਬੰਧੀ ਅੱਜ 7 ਮਈ ਨੂੰ ਸਵੇਰੇ 8 ਵਜੇ ਜਲੰਧਰ ਸੈਂਟਰਲ ਤੋਂ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਇਹ ਸਮਾਗਮ ਜਲੰਧਰ ਸੈਂਟਰਲ ਦੇ ਵਰਿੰਦਰ ਸਿੰਘ ਘੁੰਮਣ ਪਾਰਕ (ਪੁਰਾਣਾ ਨਾਂ ਡੀਸੀ ਪਾਰਕ ) ਕੋਲ ਸ਼ੁਰੂ ਹੋਵੇਗਾ, ਜਿੱਥੋਂ ਮੁੱਖ ਮੰਤਰੀ ਦੀ ਯਾਤਰਾ ਅੱਗੇ ਵਧੇਗੀ। ਇਹ ਯਾਤਰਾ ਸਿਰਫ਼ ਇਕ ਸਮਾਗਮ ਨਹੀਂ, ਸਗੋਂ ਪੰਜਾਬ ਦੀ ਆਸਥਾ, ਵਿਸ਼ਵਾਸ ਅਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਨੂੰ ਸਮਰਪਿਤ ਇਕ ਭਾਵਨਾਤਮਕ ਪਹਿਲ ਹੈ। ਇਸ ਮਹੱਤਵਪੂਰਨ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ ਤੇ ਪ੍ਰਸ਼ਾਸਨ ਤੇ ਸਥਾਨਕ ਲੀਡਰਸ਼ਿਪ ਪੂਰੀ ਤਰ੍ਹਾਂ ਸਰਗਰਮ ਹੈ। ਬੁੱਧਵਾਰ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਤੇ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨਾਲ ਰਲ ਕੇ ਜਲੰਧਰ ਸੈਂਟਰਲ ਦਾ ਦੌਰਾ ਕੀਤਾ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸੁਰੱਖਿਆ ਪ੍ਰਬੰਧ, ਟ੍ਰੈਫਿਕ ਕੰਟਰੋਲ, ਮੰਚ ਦੀ ਤਿਆਰੀ, ਜਨਤਾ ਦੀ ਸਹੂਲਤ ਅਤੇ ਸਮਾਗਮ ਦੇ ਸੁਚਾਰੂ ਪ੍ਰਬੰਧਾਂ ਸਬੰਧੀ ਹਰ ਪੱਖ ਦੀ ਗੰਭੀਰ ਸਮੀਖਿਆ ਕੀਤੀ ਗਈ। ਅਧਿਕਾਰੀਆਂ ਵੱਲੋਂ ਸਬੰਧਤ ਵਿਭਾਗਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਕਿ ਸਮਾਗਮ ਨੂੰ ਪੂਰੀ ਤਰ੍ਹਾਂ ਸੁਚੱਜੇ, ਸੁਰੱਖਿਅਤ ਅਤੇ ਗੰਭੀਰਤਾ ਨਾਲ ਨੇਪਰੇ ਚਾੜ੍ਹਿਆ ਜਾਵੇ। ਸਾਰੇ ਪ੍ਰਬੰਧਾਂ ਨੂੰ ਬਾਰੀਕੀ ਨਾਲ ਵੇਖਿਆ ਗਿਆ ਤੇ ਇਹ ਯਕੀਨੀ ਬਣਾਇਆ ਗਿਆ ਕਿ ਤਿਆਰੀਆਂ ਸਮੇਂ ਸਿਰ ਪੂਰੀਆਂ ਹੋਣ। ਇਸ ਮੌਕੇ ਜਲੰਧਰ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ “ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੋਧ) ਐਕਟ, 2026” ਰਾਹੀਂ ਧਾਰਮਿਕ ਭਾਵਨਾਵਾਂ ਦੀ ਰੱਖਿਆ ਲਈ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਸ਼ੁਕਰਾਨਾ ਯਾਤਰਾ’ ਉਸੇ ਭਾਵਨਾ ਦਾ ਪ੍ਰਗਟਾਵਾ ਹੈ, ਜਿਸ ਰਾਹੀਂ ਗੁਰੂ ਸਾਹਿਬ ਪ੍ਰਤੀ ਆਭਾਰ ਪ੍ਰਗਟ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਯਾਤਰਾ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਸਕਾਰਾਤਮਕ ਸੋਚ ਨੂੰ ਹੋਰ ਮਜ਼ਬੂਤ ਕਰੇਗੀ।