ਸਸਤੇ ਟੂਰ ਪੈਕੇਜ ਦਾ ਝਾਂਸਾ, ਛੁੱਟੀਆਂ ਦੇ ਨਾਮ ’ਤੇ ਸਾਈਬਰ ਠੱਗੀ ਦਾ ਜਾਲ

-ਫਰਜ਼ੀ ਵੈੱਬਸਾਈਟਾਂ ਤੇ ਸੋਸ਼ਲ ਮੀਡੀਆ ਆਫਰਾਂ ਨਾਲ ਲੋਕਾਂ ਨੂੰ ਬਣਾ ਰਹੇ ਨਿਸ਼ਾਨਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਰਮੀ ਦੀਆਂ ਛੁੱਟੀਆਂ ਵਿੱਚ ਆਪਣੇ ਪਰਿਵਾਰ ਨਾਲ ਪਹਾੜਾਂ ‘ਤੇ ਘੁੰਮਣ ਜਾਂ ਸਮੁੰਦਰ ਕੰਢੇ ਸਮਾਂ ਬਿਤਾਉਣ ਦਾ ਸੁਪਨਾ ਦੇਖ ਰਹੇ ਲੋਕਾਂ ‘ਤੇ ਸਾਈਬਰ ਠੱਗਾਂ ਦੀ ਤਿਖੀ ਨਜ਼ਰ ਹੈ। ਜਲੰਧਰ ਸਮੇਤ ਸਾਰੇ ਸੂਬੇ ਵਿੱਚ ਇਸ ਸਮੇਂ ਸਸਤੇ ਟੂਰ ਪੈਕੇਜ ਦੇ ਨਾਮ ‘ਤੇ ਵੱਡੇ ਪੱਧਰ ‘ਤੇ ਠੱਗੀ ਹੋ ਰਹੀ ਹੈ। ਇੰਟਰਨੈੱਟ ਮੀਡੀਆ ‘ਤੇ ਆਕਰਸ਼ਕ ਇਸ਼ਤਿਹਾਰ ਤੇ ਭਾਰੀ ਛੋਟ ਦਾ ਲਾਲਚ ਦੇ ਕੇ ਠੱਗ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ। ਹਾਲਤ ਇਹ ਹੈ ਕਿ ਗੋਆ, ਮਸੂਰੀ ਅਤੇ ਰਾਜਸਥਾਨ ਵਰਗੇ ਮਹਿੰਗੇ ਸੈਰ-ਸਪਾਟਾ ਸਥਾਨਾਂ ਲਈ ਚਾਰ ਦਿਨ ਤੇ ਤਿੰਨ ਰਾਤਾਂ ਦੇ ਪੈਕੇਜ ਅਜਿਹੀਆਂ ਕੀਮਤਾਂ ‘ਤੇ ਦਿਖਾਏ ਜਾ ਰਹੇ ਹਨ ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਲ ਹੈ ਪਰ ਆਮ ਲੋਕ ਇਸ ਲਾਲਚ ਵਿੱਚ ਫਸ ਜਾਂਦੇ ਹਨ।
-------------------------
ਹਵਾ-ਹਵਾਈ ਆਫਰ: ਇੰਜ ਵਿਛਾਉਂਦੇ ਹਨ ਜਾਲ
ਸਾਈਬਰ ਠੱਗਾਂ ਦਾ ਤਰੀਕਾ ਬਹੁਤ ਹੀ ਚਾਲਾਕ ਅਤੇ ਤਕਨੀਕੀ ਤੌਰ ‘ਤੇ ਅਪਡੇਟ ਹੈ। ਉਹ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ‘ਤੇ ਫਰਜ਼ੀ ਇਸ਼ਤਿਹਾਰ ਚਲਾਉਂਦੇ ਹਨ।
ਫ਼ਰਜ਼ੀ ਵੈੱਬਸਾਈਟ: ਮਸ਼ਹੂਰ ਕੰਪਨੀਆਂ ਵਰਗੀਆਂ ਲੱਗਦੀਆਂ ਨਕਲੀ ਵੈੱਬਸਾਈਟਾਂ ਬਣਾਉਣਾ
ਵ੍ਹਟਸਐਪ ਮੈਸੇਜ: ਲੱਕੀ ਡਰਾਅ ਜਾਂ ਸਮਰ ਧਮਾਕਾ ਦੇ ਨਾਮ ‘ਤੇ ਲਿੰਕ ਭੇਜਣਾ
ਫਰਜ਼ੀ ਵਾਊਚਰ: ਐਡਵਾਂਸ ਪੈਸੇ ਲੈ ਕੇ ਨਕਲੀ ਹੋਟਲ ਕਨਫਰਮੇਸ਼ਨ ਲੈਟਰ ਈਮੇਲ ਕਰਨਾ
----------------------------
ਕੇਸ-1: ਨਕਲੀ ਬੁਕਿੰਗ ਨੇ ਵਿਗਾੜੀ ਖੇਡ
ਜਲੰਧਰ ਦੇ ਅਰਬਨ ਐਸਟੇਟ ਦੇ ਇੱਕ ਪਰਿਵਾਰ ਨੇ ਸ਼ਿਮਲਾ ਲਈ 25 ਹਜ਼ਾਰ ਰੁਪਏ ਦਾ ਪੈਕੇਜ ਬੁੱਕ ਕੀਤਾ। ਹੋਟਲ ਪੁੱਜਣ ‘ਤੇ ਪਤਾ ਲੱਗਾ ਕਿ ਉਨ੍ਹਾਂ ਦੇ ਨਾਮ ‘ਤੇ ਕੋਈ ਬੁਕਿੰਗ ਨਹੀਂ ਸੀ। ਠੱਗ ਜਿਸ ਟਰੈਵਲ ਏਜੰਟ ਦਾ ਨਾਮ ਲੈ ਰਿਹਾ ਸੀ, ਉਹ ਮੋਬਾਈਲ ਬੰਦ ਕਰਕੇ ਗਾਇਬ ਹੋ ਗਿਆ ਸੀ।
ਕੇਸ-2: ਫੋਟੋਸ਼ਾਪ ਟਿਕਟ ਦਾ ਝਾਂਸਾ
ਗੜ੍ਹਾ ਰੋਡ ਦੇ ਇੱਕ ਨੌਜਵਾਨ ਨੇ ਥਾਈਲੈਂਡ ਲਈ ਸਸਤਾ ਟਿਕਟ ਬੁੱਕ ਕੀਤਾ। ਠੱਗ ਨੇ ਉਸ ਨੂੰ ਵ੍ਹਟਸਐਪ ‘ਤੇ ਟਿਕਟ ਦੀ ਕਾਪੀ ਭੇਜੀ ਜੋ ਬਿਲਕੁਲ ਅਸਲੀ ਲੱਗ ਰਹੀ ਸੀ। ਏਅਰਪੋਰਟ ‘ਤੇ ਚੈਕਿੰਗ ਦੌਰਾਨ ਪਤਾ ਲੱਗਾ ਕਿ ਉਹ ਟਿਕਟ ਫੋਟੋਸ਼ਾਪ ਨਾਲ ਬਣਾਇਆ ਨਕਲੀ ਦਸਤਾਵੇਜ਼ ਸੀ।
ਕੇਸ-3: ਸੋਸ਼ਲ ਮੀਡੀਆ ਇਸ਼ਤਿਹਾਰ ਬਣਿਆ ਮੁਸੀਬਤ
ਇਕ ਮਹਿਲਾ ਅਧਿਆਪਕਾ ਨੇ ਇੰਸਟਾਗ੍ਰਾਮ ‘ਤੇ ਗੋਆ ਟ੍ਰਿਪ ਦਾ ਆਕਰਸ਼ਕ ਇਸ਼ਤਿਹਾਰ ਦੇਖ ਕੇ 15 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ। ਪੈਸੇ ਭੇਜਦੇ ਹੀ ਠੱਗ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ। ਜਾਂਚ ‘ਚ ਪਤਾ ਲੱਗਾ ਕਿ ਉਹ ਪ੍ਰੋਫਾਈਲ ਹੀ ਫਰਜ਼ੀ ਸੀ।
ਕੇਸ-4: ਜਲੰਧਰ ਦਾ ਪਰਿਵਾਰ ਗੋਆ ਟ੍ਰਿਪ ‘ਚ ਠੱਗਿਆ ਗਿਆ
ਪਠਾਨਕੋਟ ਚੌਕ ਨੇੜੇ ਰਹਿੰਦੇ ਇੱਕ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਗੋਆ ਦਾ ਸਸਤਾ ਪੈਕੇਜ ਵੇਖਿਆ। ਚਾਰ ਲੋਕਾਂ ਲਈ ਸਿਰਫ 15 ਹਜ਼ਾਰ ਰੁਪਏ ਵਿੱਚ ਫਲਾਈਟ ਅਤੇ ਹੋਟਲ ਦਾ ਆਫਰ ਸੀ। ਪਰਿਵਾਰ ਨੇ ਤੁਰੰਤ 10 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ। ਬਾਅਦ ’ਚ ਜਦੋਂ ਟਿਕਟ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਨੰਬਰ ਬੰਦ ਮਿਲਿਆ ਤੇ ਵੈੱਬਸਾਈਟ ਵੀ ਗਾਇਬ ਹੋ ਗਈ।
-----------------------
ਆਖਰ ਕਿਉਂ ਆਸਾਨੀ ਨਾਲ ਬਣਦੇ ਨੇ ਲੋਕ ਨਿਸ਼ਾਨਾ
ਸਾਈਬਰ ਮਾਹਿਰ ਪਲਵਿੰਦਰ ਸਿੰਘ ਮੁਤਾਬਕ ਲੋਕ ਡਿਸਕਾਊਂਟ ਦੇ ਮਨੋਵਿਗਿਆਨ ਵਿਚ ਫਸ ਜਾਂਦੇ ਹਨ। ਜਦੋਂ ਕੋਈ ਵਿਅਕਤੀ ਵੇਖਦਾ ਹੈ ਕਿ 50 ਹਜ਼ਾਰ ਦਾ ਟ੍ਰਿਪ ਸਿਰਫ 15 ਹਜ਼ਾਰ ’ਚ ਮਿਲ ਰਿਹਾ ਹੈ, ਤਾਂ ਉਹ ਤਰਕਸ਼ੀਲ ਸੋਚ ਛੱਡ ਦਿੰਦਾ ਹੈ। ਠੱਗ ‘ਲਿਮਿਟਡ ਆਫਰ’ ਦਾ ਹਵਾਲਾ ਦੇ ਕੇ ਵਿਅਕਤੀ ਨੂੰ ਸੋਚਣ ਦਾ ਸਮਾਂ ਨਹੀਂ ਦਿੰਦੇ, ਜਿਸ ਕਾਰਨ ਜਲਦਬਾਜ਼ੀ ’ਚ ਗਲਤ ਫੈਸਲੇ ਹੋ ਜਾਂਦੇ ਹਨ।
------------------------
ਸਾਵਧਾਨੀ ਹੀ ਬਚਾਅ : ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਜਾਂਚ ਜ਼ਰੂਰੀ : ਕਿਸੇ ਵੀ ਅਣਜਾਣ ਏਜੰਸੀ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦਾ ਫਿਜ਼ੀਕਲ ਐਡਰੈੱਸ ਅਤੇ ਰੇਟਿੰਗ ਗੂਗਲ ਮੈਪਸ ‘ਤੇ ਚੈਕ ਕਰੋ
2. ਸਸਤੇ ਦੇ ਚੱਕਰ ਵਿੱਚ ਨਾ ਪਵੋ: ਜੇ ਕੋਈ ਡੀਲ ਬਾਜ਼ਾਰ ਰੇਟ ਤੋਂ 50% ਤੋਂ ਵੱਧ ਸਸਤੀ ਹੈ ਤਾਂ 99% ਸੰਭਾਵਨਾ ਹੈ ਕਿ ਉਹ ਫਰਜ਼ੀ ਹੈ
3. ਆਫਿਸ਼ੀਅਲ ਐਪ ਵਰਤੋਂ: ਹਮੇਸ਼ਾ ਮਸ਼ਹੂਰ ਐਪਸ ਜਾਂ ਰਜਿਸਟਰਡ ਟੂਰ ਆਪਰੇਟਰ ਰਾਹੀਂ ਹੀ ਬੁਕਿੰਗ ਕਰੋ
4. ਹੋਟਲ ਨੂੰ ਕਾਲ ਕਰੋ: ਪੈਸੇ ਦੇਣ ਤੋਂ ਪਹਿਲਾਂ ਸਿੱਧਾ ਹੋਟਲ ਦੇ ਲੈਂਡਲਾਈਨ ਨੰਬਰ ‘ਤੇ ਕਾਲ ਕਰਕੇ ਬੁਕਿੰਗ ਦੀ ਪੁਸ਼ਟੀ ਕਰੋ
------------------
ਹੈਲਪਲਾਈਨ ਨੰਬਰ:
ਜੇ ਤੁਸੀਂ ਠੱਗੀ ਦਾ ਸ਼ਿਕਾਰ ਹੋ ਜਾਓ ਤਾਂ ਤੁਰੰਤ 1930 ‘ਤੇ ਕਾਲ ਕਰੋ ਜਾਂ ਨੇੜਲੇ ਸਾਈਬਰ ਸੈੱਲ ’ਚ ਸ਼ਿਕਾਇਤ ਦਰਜ ਕਰਵਾਓ।