ਸੀਐੱਚਬੀ ਮੁਲਾਜ਼ਮ ਹੜਤਾਲ ਤੋਂ ਪਰਤੇ, ਹੁਣ ਛੇਤੀ ਠੀਕ ਹੋਣਗੇ ਬਿਜਲੀ ਦੇ ਫਾਲਟ
ਜਾਗਰਣ ਸੰਵਾਦਦਾਤਾ, ਜਲੰਧਰ
Publish Date: Sat, 16 May 2026 09:21 PM (IST)
Updated Date: Sat, 16 May 2026 09:24 PM (IST)
ਬਿਜਲੀ ਫਾਲਟ ਠੀਕ ਕਰਨ ’ਚ ਕੋਈ ਦੇਰੀ ਨਹੀਂ ਹੋਵੇਗੀ। ਸੀਐੱਚਬੀ ਦੇ ਮੁਲਾਜ਼ਮ ਹੜਤਾਲ ਤੋਂ ਵਾਪਸ ਆ ਗਏ ਹਨ। ਜਲੰਧਰ ਸਰਕਲ ਦੇ ਲਗਪਗ 550 ਮੁਲਾਜ਼ਮ ਹੜਤਾਲ ’ਤੇ ਸਨ। ਹੜਤਾਲ ਕਾਰਨ ਫਾਲਟ ਠੀਕ ਕਰਨ ’ਚ 2 ਤੋਂ 3 ਘੰਟੇ ਦਾ ਸਮਾਂ ਲੱਗ ਰਿਹਾ ਸੀ। ਇਸ ਦੇ ਨਤੀਜੇ ਵਜੋਂ ਲੋਕਾਂ ਨੂੰ ਗਰਮੀ ’ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੀਐੱਚਬੀ ਦੀ ਹੜਤਾਲ ਕਾਰਨ ਫਾਲਟ ਠੀਕ ਕਰਨ ਦੀ ਜ਼ਿੰਮੇਵਾਰੀ ਪੱਕੇ ਸਟਾਫ ਦੀ ਸੀ। ਸਿਰਫ 30 ਫੀਸਦੀ ਸਟਾਫ ਹੀ ਫਾਲਟ ਠੀਕ ਕਰ ਰਿਹਾ ਸੀ, ਜਿਸ ਕਾਰਨ ਸਮਾਂ ਲੱਗ ਰਿਹਾ ਸੀ। ਸ਼ਨਿਚਰਵਾਰ ਨੂੰ ਜਲੰਧਰ ਸਰਕਲ ਦੇ ਵੱਖ-ਵੱਖ ਸ਼ਿਕਾਇਤ ਕੇਂਦਰਾਂ 'ਚ 300 ਤੋਂ ਵੱਧ ਸ਼ਿਕਾਇਤਾਂ ਪੁੱਜੀਆਂ। ਸ਼ਿਕਾਇਤਾਂ ਦਾ ਨਿਬੇੜਾ ਅੱਧੇ ਤੋਂ ਇਕ ਘੰਟੇ ’ਚ ਕਰ ਦਿੱਤਾ ਗਿਆ। ਦੋ ਦਿਨ ਪਹਿਲਾਂ ਹਨੇਰੀ ਕਾਰਨ ਸ਼ਹਿਰ ’ਚ ਬਲੈਕਆਊਟ ਹੋ ਗਿਆ ਸੀ। ਕਈ ਇਲਾਕਿਆਂ ’ਚ ਫਾਲਟ ਆ ਗਏ ਸਨ। ਫਾਲਟ ਠੀਕ ਕਰਨ ’ਚ 2 ਤੋਂ 3 ਘੰਟੇ ਦਾ ਸਮਾਂ ਲੱਗਾ। ਸਟਾਫ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੀਐੱਚਬੀ ਮੁਲਾਜ਼ਮ ਦੇ ਹੜਤਾਲ ਤੋਂ ਵਾਪਸ ਆਉਣ ਮਗਰੋਂ ਪਾਵਰਕਾਮ ਨੇ ਸੁੱਖ ਦਾ ਸਾਹ ਲਿਆ ਹੈ।
ਮੰਗਾਂ ਨਾ ਮੰਨਣ ਦੇ ਰੋਸ ’ਚ ਹੜਤਾਲ ’ਤੇ ਗਏ ਸਨ ਮੁਲਾਜ਼ਮ
ਪਾਵਰਕਾਮ ਤੇ ਟ੍ਰਾਂਸਕੋ ਦੇ ਠੇਕੇਦਾਰ ਮੁਲਾਜ਼ਮ ਪੰਜਾਬ ਦੇ ਮੈਂਬਰ ਗੁਰਜੀਤ ਸਿੰਘ ਨੇ ਕਿਹਾ ਕਿ ਪਿਛਲੇ 16 ਦਿਨਾਂ ਤੋਂ ਮੁਲਾਜ਼ਮ ਹੜਤਾਲ 'ਤੇ ਸਨ। ਵਿੱਤ ਮੰਤਰੀ ਨੇ 30 ਅਪ੍ਰੈਲ ਨੂੰ ਮੈਂਬਰਾਂ ਨਾਲ ਬੈਠਕ ਕਰ ਕੇ ਮੰਗਾਂ ਹੱਲ ਕਰਨ ਦਾ ਵਾਅਦਾ ਕੀਤਾ ਸੀ। ਵਿੱਤ ਮੰਤਰੀ ਨੇ ਬੈਠਕ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਯੂਨੀਅਨ ਦੇ ਮੈਂਬਰਾਂ ਨੂੰ 5 ਜੂਨ ਨੂੰ ਬੈਠਕ ਦਾ ਸਮਾਂ ਦਿੱਤਾ ਗਿਆ ਹੈ। ਮੁਲਾਜ਼ਮਾਂ ਦੀਆਂ ਮੰਗਾਂ ’ਚ ਘਰ ਭੱਤਾ ਚਲਾਉਣ ਲਈ ਤਨਖਾਹ ਵਧਾਉਣ, ਬਿਜਲੀ ਫਾਲਟ ਠੀਕ ਕਰਨ ਦੌਰਾਨ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਵਿਚੋਂ ਕਿਸੇ ਇਕ ਨੂੰ ਨੌਕਰੀ ਦੇਣ ਤੇ ਠੇਕੇ 'ਤੇ ਰੱਖੇ ਗਏ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਸ਼ਾਮਲ ਹੈ।
---
ਏਐੱਸਐੱਸਏ ਵੀ ਕਰ ਰਹੇ ਹਨ ਕਲੈਰੀਕਲ ਕੰਮ
ਪੰਜਾਬ ਸਰਕਾਰ ਵੱਲੋਂ ਅਸਿਸਟੈਂਟ ਸਬ-ਸਟੇਸ਼ਨ ਅਟੈਂਡੈਂਟ ਦੀਆਂ 400 ਪੋਸਟਾਂ ਜਾਰੀ ਕੀਤੀਆਂ ਗਈਆਂ ਸਨ, ਜਿਸ ’ਚ ਜਲੰਧਰ ਸਰਕਲ ਨੂੰ 15 ਅਟੈਂਡੈਂਟ ਮਿਲੇ ਸਨ। ਇਕ ਗ੍ਰਿਡ ਮੁਲਾਜ਼ਮ ਨੇ ਦੱਸਿਆ ਕਿ ਅਟੈਂਡੈਂਟ ਗ੍ਰਿਡ 'ਤੇ ਕੰਮ ਨਹੀਂ ਕਰ ਰਹੇ, ਬਲਕਿ ਉਨ੍ਹਾਂ ਤੋਂ ਕਲੈਰੀਕਲ ਕੰਮ ਲਿਆ ਜਾ ਰਿਹਾ ਹੈ। ਗ੍ਰਿਡ ’ਚ ਚਾਰ-ਚਾਰ ਅਟੈਂਡੈਂਟ ਹੋਣੇ ਚਾਹੀਦੇ ਹਨ, ਜਦਕਿ ਤਿੰਨ-ਤਿੰਨ ਅਟੈਂਡੈਂਟ ਕੰਮ ਕਰ ਰਹੇ ਹਨ। ਸ਼ਹਿਰ ’ਚ ਕੁੱਲ 20 ਗ੍ਰਿਡ ਹਨ। ਹਰੇਕ ਗ੍ਰਿਡ ’ਚ ਤਿੰਨ ਅਟੈਂਡੈਂਟ ਲੱਗੇ ਹੋਏ ਹਨ। ਗ੍ਰਿਡ ’ਚ ਸਟਾਫ ਦੀ ਕਮੀ ਹੈ।